ਜਗਤਾਰ ਸਿੰਘ ਨਹਿਲ
ਲੌਂਗੋਵਾਲ , 22 ਫਰਵਰੀ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਮਹਿਲਾ ਵਿੰਗ ਵੱਲੋਂ ਪਿੰਡ ਢੱਡਰੀਆਂ ਵਿੱਚ ਜਾਗੋ ਕੱਢੀ ਗਈ। ਅੱਜ ਦੀ ਜਾਗੋ ਵਿੱਚ ਅਮਨਦੀਪ ਕੌਰ, ਹਰਵਿੰਦਰ ਕੌਰ, ਸੁਖਵਿੰਦਰ ਕੌਰ ਅਤੇ ਮਨਜੀਤ ਕੌਰ ਨੇ ਕਿਸਾਨੀ ਬੋਲੀਆਂ ਵੀ ਪਾਈਆਂ। ਮਹਿਲਾ ਵਿੰਗ ਦੀ ਪਿੰਡ ਕਮੇਟੀ ਮੈਂਬਰ ਗੁਰਪ੍ਰੀਤ ਕੌਰ ਤੇ ਮਨਜੀਤ ਕੌਰ ਨੇ ਜਾਗੋ ਕੱਢਦਿਆਂ ਕਿਹਾ ਕਿ ਜਿਹੜੇ ਲੋਕ ਅਜੇ ਸੰਘਰਸ਼ ਨਾਲ ਨਹੀਂ ਜੁੜੇ ਉਨ੍ਹਾਂ ਨੂੰ ਸੰਘਰਸ਼ ਦੇ ਨਾਲ ਜੁੜਨਾ ਚਾਹੀਦਾ ਹੈ ਅਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਦਿੱਲੀ ਮੋਰਚੇ ਤੋਂ ਵਾਪਸ ਮੁੜਨਾ ਚਾਹੀਦਾ ਹੈ।
ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇਲਾਕੇ ਦੀ ਸੰਗਤ ਵੱਲੋਂ ਚੱਲ ਰਹੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ, ਏਕਤਾ-ਇਤਫ਼ਾਕ ਅਤੇ ਸਮੂਹ ਨਜ਼ਰਬੰਦ ਸ਼ਖ਼ਸੀਅਤਾਂ ਦੀ ਰਿਹਾਈ ਲਈ ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਅਰਦਾਸ ਸਮਾਗਮ ਕੀਤਾ ਗਿਆ, ਜਿਸ ਵਿੱਚ ਸ਼ਹਿਰ ਤੇ ਇਲਾਕੇ ਦੀ ਸੰਗਤ ਸ਼ਾਮਲ ਹੋਈ। ਗੁਰਬਾਣੀ ਕੀਰਤਨ ਅਤੇ ਅਰਦਾਸ ਉਪਰੰਤ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ, ਤਾਨਾਸ਼ਾਹੀ ਰਵੱਈਆ ਛੱਡ ਕੇ ਕਿਸਾਨ ਨੁਮਾਇੰਦਿਆਂ ਨਾਲ ਗੱਲਬਾਤ ਕਰਨ, ਕਿਸਾਨ ਆਗੂਆਂ ਤੇ ਨੌਜਵਾਨਾਂ ਖ਼ਿਲਾਫ਼ ਦਰਜ ਕੀਤੇ ਕਥਿਤ ਝੂਠੇ ਪੁਲੀਸ ਕੇਸ ਰੱਦ ਕਰਨ, ਨਸ਼ਰਬੰਦਾਂ ਦੀ ਬਿਨਾਂ ਸ਼ਰਤ ਰਿਹਾਈ ਕਰਨ ਅਤੇ ਕਿਸਾਨ ਸੰਘਰਸ਼ ਵਿੱਚ ਜ਼ਿੰਦਗੀਆਂ ਵਾਰਨ ਵਾਲੇ ਕਿਸਾਨ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼ਹੀਦ ਨਵਰੀਤ ਸਿੰਘ ਦੇ ਮਾਮਲੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਕਾਨੂੰਨੀ ਚਾਰਾਜੋਈ ਕਰਨ ਦੇ ਮਤੇ ਪਾਏ ਗਏ।