ਸੁਭਾਸ਼ ਚੰਦਰ
ਸਮਾਣਾ, 9 ਜੂਨ
ਕਿਰਤੀ ਕਿਸਾਨ ਯੂਨੀਅਨ ਨੇ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਬਦਲ ਕੇ ਕੁਦਰਤ ਤੇ ਕਿਸਾਨ-ਪੱਖੀ ਹੰਢਣਸਾਰ ਖੇਤੀ ਮਾਡਲ ਲਾਗੂ ਕਰਵਾਉਣ ਲਈ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸਥਾਨਕ ਗੁਰਦੁਆਰਾ ਧੱਕਾ ਸਾਹਿਬ ’ਚ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ। ਇਸ ਮੌਕੇ ਕੁਦਰਤੀ ਖੇਤੀ ਮਾਡਲ ਉਸਾਰਨ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਤੇ ਜਾਗਰੂਕ ਮਾਰਚ ਕੱਢਿਆ ਗਿਆ।
ਇਸ ਕਾਨਫਰੰਸ ਨੂੰ ਜਥੇਬੰਦੀ ਦੇ ਸੂਬਾ ਆਗੂ ਰਾਮਿੰਦਰ ਸਿੰਘ ਪਟਿਆਲਾ, ਮੀਤ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਸਕੱਤਰ ਦਲਜਿੰਦਰ ਸਿੰਘ ਹਰਿਆਊ, ਵਿੱਤ ਸਕੱਤਰ ਜਸਵੀਰ ਸਿੰਘ ਫਤਹਿਪੁਰ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕੇ ਪੰਜਾਬ ਵਿੱਚ ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਣ ਦਾ ਗੰਭੀਰ ਸੰਕਟ ਖੜ੍ਹਾ ਹੋਣ ਨਾਲ ਪੰਜਾਬੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹੁਣ ਝੋਨੇ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਪੰਜਾਬ ਵਿੱਚ ਖੇਤੀ ਮਾਡਲ ਸਥਾਨਕ ਲੋੜਾਂ ਤੇ ਵਾਤਾਵਰਨ ਮੁਤਾਬਿਕ ਹੋਣਾ ਚਾਹੀਦਾ ਹੈ।
ਯੂਨੀਅਨ ਦੇ ਆਗੂਆਂ ਕਿਹਾ ਕੇ ਪੰਜਾਬ ਵਿੱਚ ਦਾਲਾਂ ਹੇਠ ਰਕਬਾ ਵਧਾਇਆ ਜਾ ਸਕਦਾ। ਬਾਗ਼ਬਾਨੀ ਹੇਠ ਸਿਰਫ਼ ਕੁੱਲ ਖੇਤੀ ਰਕਬੇ ਦਾ ਸਿਰਫ਼ 2.2 ਫ਼ੀਸਦੀ ਏਰੀਆ ਹੈ ਜਿਸ ਵਿੱਚ ਜ਼ਿਆਦਾਤਰ ਵਿੱਚ ਕਿੰਨੂ ਤੇ ਅਮਰੂਦ ਹੀ ਹਨ। ਪੰਜਾਬ ਵਿੱਚ 25 ਤੋਂ ਵੱਧ ਕਿਸਮਾਂ ਦਾ ਫਲ ਹੋ ਸਕਦਾ ਹੈ। ਪਸ਼ੂ ਪਾਲਣ ਦਾ ਕਿੱਤਾ ਵਧਾਉਣ ਲਈ ਨਕਲੀ ਦੁੱਧ, ਘਿਓ ਤੇ ਹੋਰ ਵਸਤਾਂ ਨੂੰ ਖ਼ਤਮ ਕਰਨਾ ਲਾਜ਼ਮੀ ਹੈ।
ਆਗੂਆਂ ਨੇ ਕਿਹਾ ਕਿ ਨਹਿਰੀ ਪਾਣੀ ਸਾਰਾ ਸਾਲ ਮਿਲਣਾ ਚਾਹੀਦਾ ਹੈ ਅਤੇ ਨਹਿਰਾਂ ਵਿੱਚ ਜ਼ਹਿਰਾਂ ਘੋਲਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਮੌਕੇ ਆਗੂਆਂ ਕਿਹਾ ਕਿ ਪਾਕਿਸਤਾਨ ਨਾਲ ਵਪਾਰ ਖੋਲ੍ਹਣਾ ਚਾਹੀਦਾ ਹੈ।
ਮਸਤੂਆਣਾ ਸਾਹਿਬ (ਐੱਸ ਐੱਸ ਸੱਤੀ): ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਸਤੂਆਣਾ ਸਾਹਿਬ ਵਿਚ ਜ਼ਿਲ੍ਹਾ ਪੱਧਰੀ ਕਾਨਫਰੰਸ ਕਰ ਕੇ ਖੇਤੀ ਮਾਡਲ ਬਦਲਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਮਾਹਰ ਅਤੇ ਅਰਥ ਸਾਸਤਰੀ ਡਾ. ਸੁਖਪਾਲ ਸਿੰਘ ਨੇ ਕਿਹਾ ਕੇ ਪੰਜਾਬ ਪ੍ਰਦੂਸ਼ਣ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਸੂਬਾ ਆਗੂ ਭੁਪਿੰਦਰ ਲੌਂਗੋਵਾਲ ਨੇ ਕਿਹਾ ਕੇ ਸਾਨੂੰ ਦਾਲਾਂ ਦੀ ਕਾਸ਼ਤ ’ਤੇ ਜ਼ੋਰ ਦੇਣਾ ਚਾਹੀਦਾ ਹੈ। ਭਜਨ ਸਿੰਘ ਢੱਡਰੀਆਂ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਕਾਨਫਰੰਸ ਵਿੱਚ ਜ਼ਿਲ੍ਹਾ ਪ੍ਰਧਾਨ ਚਰਨਜੀਤ ਕੌਰ, ਗੁਰਪ੍ਰੀਤ ਕੌਰ, ਗੁਰਦਿਆਲ ਕੌਰ ਆਦਿ ਹਾਜ਼ਰ ਸਨ।