ਬੀਰਬਲ ਰਿਸ਼ੀ
ਸ਼ੇਰਪੁਰ, 1 ਜੁਲਾਈ
ਕਿਰਤੀ ਕਿਸਾਨ ਯੂਨੀਅਨ ਤੇ ਲੋਕ ਸੰਘਰਸ਼ ਕਮੇਟੀ ਦੀ ਸਾਂਝੀ ਅਗਵਾਈ ਹੇਠ ਸਬ-ਤਹਿਸੀਲ ਸ਼ੇਰਪੁਰ ਵਿਖੇ ਕਿਸਾਨਾਂ ਨੇ ਰੋਸ ਧਰਨਾ ਦੇ ਕੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਪਟਵਾਰੀਆਂ ਵੱਲੋਂ ਵਾਧੂ ਸਰਕਲਾਂ ਦਾ ਕੰਮ ਛੱਡੇ ਜਾਣ ਮਗਰੋਂ ਜਿੱਥੇ ਫ਼ੌਜ, ਪੁਲੀਸ ਸਮੇਤ ਹੋਰ ਕਈ ਤਰਾਂ ਦੀਆਂ ਸਰਕਾਰੀ ਭਰਤੀਆਂ ਵਿੱਚ ਲੋੜੀਦੇ ਸਰਟੀਫਿਕੇਟਾਂ ਲਈ ਬੇਰੁਜ਼ਗਾਰ ਨੌਜਵਾਨ ਸੇਵਾ ਕੇਂਦਰਾਂ ਅਤੇ ਸਬ ਤਹਿਸੀਲ ਦੇ ਚੱਕਰ ਲਗਾ ਰਹੇ ਹਨ ਉਥੇ ਕਿਸਾਨਾਂ ਦੇ ਇੰਤਕਾਲ ਤੇ ਹੋਰ ਜ਼ਮੀਨੀ ਕੰਮ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਸ ਦਿਨਾਂ ਤੋਂ ਪ੍ਰਸ਼ਾਸਨ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਸ਼ੇਰਪੁਰ ਵਿੱਚ ਇੱਕ ਪੱਕਾ ਕਰਮਚਾਰੀ ਲਗਾ ਕੇ ਖਾਸਕਰ ਸਰਟੀਫਿਕੇਟ ਇੱਕੋ ਥਾਂ ਤੋਂ ਤਸਦੀਕ ਕੀਤੇ ਜਾਣ ਨੂੰ ਯਕੀਨੀ ਨਹੀਂ ਬਣਾ ਸਕਿਆ। ਉਨ੍ਹਾਂ ਤਕਰੀਬਨ ਤਿੰਨ ਦਰਜਨ ਪਿੰਡਾਂ ਦਾ ਕੰਮ ਚਲਾਉਂਦੇ ਸ਼ੇਰਪੁਰ ਦੇ ਸੇਵਾ ਕੇਂਦਰ ਦੇ ਨਾਲ-ਨਾਲ ਪਿੰਡ ਘਨੌਰੀ ਕਲਾਂ ਦੇ ਸੇਵਾ ਕੇਂਦਰ ਨੂੰ ਤੁਰੰਤ ਚਾਲੂ ਕੀਤੇ ਜਾਣ ਦੀ ਜ਼ੋਰਦਾਰ ਮੰਗ ਉਠਾਈ।
ਧਰਨੇ ਵਿੱਚ ਪੁੱਜੇ ਨਾਇਬ ਤਹਿਸੀਲਦਾਰ ਲਾਰਸਨ ਸਿੰਗਲਾ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸਰਟੀਫਿਕੇਟ ਤਸਦੀਕ ਕਰਨ ਲਈ ਉਚ ਅਧਿਕਾਰੀਆਂ ਨਾਲ ਮਸ਼ਵਰਾ ਕਰਕੇ ਜਲਦੀ ਹੀ ਹੱਲ ਕੱਢਣਗੇ। ਉਨ੍ਹਾਂ ਦੱਸਿਆ ਕਿ ਘਨੌਰੀ ਕਲਾਂ ਦਾ ਸੇਵਾ ਕੇਂਦਰ ਖੋਲ੍ਹੇ ਜਾਣ ਲਈ ਸਿਫ਼ਾਰਸ਼ ਤੋਂ ਇਲਾਵਾ ਸ਼ੇਰਪੁਰ ਸੇਵਾ ਕੇਂਦਰ ’ਚ ਅਪਰੇਟਰਾਂ ਸਮੇਤ ਦੋ ਕੰਪਿਊਟਰ ਹੋਰ ਭੇਜੇ ਜਾਣ ਲਈ ਵੀ ਲਿਖਿਆ ਹੈ।
ਇਸੇ ਦੌਰਾਨ ਧਰਨੇ ’ਚ ਸ਼ਾਮਲ ਹੋਣ ਆਉਂਦਾ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਕੀਰਤ ਸਿੰਘ ਹੇੜੀਕੇ ਨੇੜੇ ਪੈਂਦੇ ਫੋਕਲ ਪੁਆਇੰਟ ਕੋਲ ਸੜਕ ਹਾਦਸੇ ਕਾਰਨ ਜਖ਼ਮੀ ਹੋ ਗਿਆ। ਕਿਸਾਨ ਆਗੂਆਂ ਨੇ ਬਾਅਦ ਦੁਪਹਿਰ ਜ਼ਖ਼ਮੀ ਆਗੂ ਦਾ ਹਾਲਚਾਲ ਪੁੱਛਿਆ।