ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 2 ਫਰਵਰੀ
ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਦੀ 94ਵੀਂ ਬਰਸੀ ਮੌਕੇ ਸਾਲਾਨਾ ਜੋੜ ਮੇਲੇ ’ਤੇ ਸੰਗਤ ਨੇ ਗੁਰਸਾਗਰ ਮਸਤੂਆਣਾ ਸਾਹਿਬ ਦੇ ਵੱਖ-ਵੱਖ ਗੁਰੂ ਘਰਾਂ ਵਿਖੇ ਪਹੁੰਚਕੇ ਬਾਬਾ ਅਤਰ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਅਕਾਲ ਕਾਲਜ ਕੌਂਸਲ ਤੇ ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਪ੍ਰਬੰਧਾਂ ਅਧੀਨ ਗੁਰਸਾਗਰ ਮਸਤੂਆਣਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਰਸ ਭਿੰਨਾ ਕੀਰਤਨ ਕੀਤਾ। ਭੁਪਿੰਦਰ ਸਿੰਘ ਗਰੇਵਾਲ ਦੇ ਸਟੇਜ ਸੰਚਾਲਨ ਅਧੀਨ ਦੁਪਹਿਰ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਲੁਧਿਆਣਾ ਵਾਲਿਆਂ ਨੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਸੰਤ ਸੇਵਕ ਜਥਾ ਬਹਿੰਗਮ ਸੰਪਰਦਾਇ ਮਸਤੂਆਣਾ ਸਾਹਿਬ ਦੇ ਪ੍ਰਧਾਨ ਸੰਤ ਬਾਬਾ ਛੋਟਾ ਸਿੰਘ ਦੀ ਦੇਖ ਰੇਖ ਅਤੇ ਗੁਰਦੁਆਰਾ ਮਾਤਾ ਭੋਲੀ ਕੌਰ ਜੀ ਵਿਖੇ ਭਾਈ ਹਰਬੇਅੰਤ ਸਿੰਘ ਦੀ ਦੇਖ ਰੇਖ ਹੇਠ ਰਾਤ ਨੂੰ ਹੋਏ ਰੈਣ ਸਬਾਈ ਕੀਰਤਨ ਦਰਬਾਰ ਵਿਚ ਵੱਡੀ ਗਿਣਤੀ ਵਿਚ ਸਾਧੂ ਸੰਤ ਮਹਾਤਮਾ ਨੇ ਹਾਜ਼ਰੀ ਭਰੀ। ਰੈਣ ਸਬਾਈ ਕੀਰਤਨ ਦਰਬਾਰ ਉਪਰੰਤ ਰਾਤ ਨੂੰ ਢਾਈ ਵਜੇ ਦੇ ਕਰੀਬ ਅੰਮ੍ਰਿਤ ਵੇਲੇ ਭਾਈ ਸੁਖਦੇਵ ਸਿੰਘ ਹੈੱਡ ਗ੍ਰੰਥੀ ਤੇ ਭਾਈ ਗੁਰਮੇਲ ਸਿੰਘ ਗ੍ਰੰਥੀ ਦੀ ਨਿਗਰਾਨੀ ਹੇਠ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਦਮਦਮਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਆਰਤੀ ਕੀਤੀ ਗਈ।