ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਨਵੰਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਹਿਲੀ ਅਕਤੂਬਰ ਤੋਂ ਮੋਦੀ ਸਰਕਾਰ ਤੇ ਕਾਰਪੋਰਟਰਾਂ ਖ਼ਿਲਾਫ਼ ਚੱਲ ਰਹੇ ਸ਼ਾਂਤਮਈ ਸੰਘਰਸ਼ ਅਧੀਨ ਰਿਲਾਇੰਸ ਪੰਪ ਅੱਗੇ ਚੱਲ ਰਿਹਾ ਧਰਨਾ ਅੱਜ 58ਵੇਂ ਦਿਨ ’ਚ ਦਾਖਲ ਹੋ ਗਿਆ। ਬਹੁਤੇ ਆਗੂ ਤੇ ਵਰਕਰ ਦਿੱਲੀ ਵੱਲ ਵਹੀਰਾਂ ਘੱਤਣ ਕਰਕੇ ਇਥੇ ਸੰਕੇਤਕ ਰੂਪ ’ਚ ਧਰਨਾ ਜਾਰੀ ਹੈ। ਧਰਨੇ ’ਚ ਕਿਸਾਨ ਮਰਦਾਂ ਤੇ ਔਰਤਾਂ ਨੇ ਮੋਦੀ ਤੇ ਖੱਟਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਜਿੱਤ ਤੱਕ ਸੰਘਰਸ਼ ਕਰਨ ਦਾ ਪ੍ਰਣ ਲਿਆ ਕਿ ਜਿੱਤ ਹਮੇਸ਼ਾ ਯੋਧਿਆਂ ਦੀ ਹੁੰਦੀ ਹੈ। ਇਸ ਮੌਕੇ ਜਥੇਬੰਦੀ ਦੇ ਪ੍ਰਮੁੱਖ ਆਗੂ ਸੂਬਾ ਸਿੰਘ ਸੰਗਤਪੁਰਾ, ਜਗਸੀਰ ਸਿੰਘ, ਕਾਲਾ ਲੇਹਲ ਖੁਰਦ, ਜਸ਼ਨਦੀਪ ਕੌਰ ਪਿਸ਼ੌਰ ਤੇ ਹੋਰ ਬੁਲਾਰਿਆਂ ਨੇ ਹਰਿਆਣਾ ਤੇ ਦਿੱਲੀ ਵੱਲੋਂ ਕਿਸਾਨਾਂ ਨੂੰ ਦਾਖਲ ਨਾ ਹੋਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨ ਮੋਮ ਨਹੀਂ ਕਿ ਪਿਘਲ ਜਾਣਗੇ। ਕਿਸਾਨ ਲੋਹੇ ਦੇ ਪੁੱਤ ਹਨ ਜਿਨ੍ਹਾਂ ਦੇ ਸਿਰੜ ਨੇ ਬੰਜਰ ਜ਼ਮੀਨ ਨੂੰ ਜਰਖੇਜ਼ ਬਣਾ ਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਲੋਕ ਰੋਹ ਅੱਗੇ ਮੋਦੀ ਤੇ ਖੱਟਰ ਦੇ ਬੈਰੀਕੇਡ ਅੜਿੱਕਾ ਨਹੀਂ ਬਣ ਸਕਦੇ। ਪਰ ਮੋਦੀ ਸਰਕਾਰ ਲੋਕਾਂ ਦੀ ਭਲਾਈ ਦੀ ਬਜਾਏ ਸਰਮਾਏਦਾਰਾਂ ਦਾ ਵਚੋਲਾ ਬਣ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਤੇ ਕਾਰਪੋਰੇਟਰ ਕਿਸਾਨੀ ਸੰਘਰਸ਼ ਅੱਗੇ ਬਹੁਤੀ ਦੇਰ ਤੱਕ ਨਹੀਂ ਟਿਕ ਸਕਣਗੇ। ਬੁਲਾਰਿਆਂ ਨੇ ਕਿਸਾਨ ਸੰਘਰਸ਼ ਨੂੰ ਪੰਜਾਬ ਵਿਰੋਧੀ ਕਹਿਣ ਦੀ ਸਖਤ ਨਿਖੇਧੀ ਕੀਤੀ ਹੈ।