ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਕਤੂਬਰ
ਰੁਜ਼ਗਾਰ ਦੀ ਮੰਗ ਲਈ ਪਿਛਲੇ ਕਰੀਬ 65 ਦਿਨਾਂ ਤੋਂ ਇੱਥੇ ਪਾਣੀ ਵਾਲੀ ਟੈਂਕੀ ਉੱਪਰ ਡਟੇ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਮੁਨੀਸ਼ ਫਾਜ਼ਿਲਕਾ ਨੂੰ ਹੌਸਲਾ ਦੇਣ ਅਤੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਉਭਾਰਨ ਲਈ ਅੱਜ ਕਰਵਾ ਚੌਥ ਦੇ ਤਿਉਹਾਰ ਮੌਕੇ ਬੇਰੁਜ਼ਗਾਰ ਲੜਕੀਆਂ ਨੇ ਹੱਥਾਂ ਉਪਰ ‘ਸੰਘਰਸ਼ੀ ਮਹਿੰਦੀ’ ਲਗਾਈ। ਬੇਰੁਜ਼ਗਾਰ ਮਹਿਲਾ ਅਧਿਆਪਕਾਂ ਵੱਲੋਂ ਹੱਥਾਂ ਉਪਰ ਵੱਖ-ਵੱਖ ਨਾਅਰਿਆਂ ਵਾਲੀ ਮਹਿੰਦੀ ਲਗਾ ਕੇ ਸੰਘਰਸ਼ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਹੱਥਾਂ ਉਪਰ ਲਗਾਈ ਮਹਿੰਦੀ ਨਾਲ ‘ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਜ਼ਿੰਦਾਬਾਦ’, ‘ਮੁਨੀਸ਼ ਫਾਜ਼ਿਲਕਾ ਜ਼ਿੰਦਾਬਾਦ’ ਅਤੇ ‘ਸਮਾਜਿਕ, ਹਿੰਦੀ ਅਤੇ ਪੰਜਾਬੀ ਦੀਆਂ ਪੋਸਟਾਂ ਦਿਓ’ ਆਦਿ ਨਾਅਰੇ ਲਿਖੇ ਹੋਏ ਸਨ। ਅੱਜ ਤੜਕੇ ਹੋਈ ਤੇਜ਼ ਬਾਰਸ਼ ਅਤੇ ਦਿਨੇ ਰੁਕ-ਰੁਕ ਕੇ ਹੋ ਰਹੀ ਬਾਰਸ਼ ਦੌਰਾਨ ਵੀ ਮੁਨੀਸ਼ ਫਾਜ਼ਿਲਕਾ ਟੈਂਕੀ ਉੱਪਰ ਡਟਿਆ ਹੋਇਆ ਹੈ ਅਤੇ ਤਰਪਾਲ ਹੇਠਾਂ ਬੈਠ ਕੇ ਸੰਘਰਸ਼ ਜਾਰੀ ਰੱਖ ਰਿਹਾ ਹੈ।
ਇਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪਿਛਲੇ ਕਰੀਬ 65 ਦਿਨਾਂ ਤੋਂ ਬੇਰੁਜ਼ਗਾਰ ਅਧਿਆਪਕ ਸਥਾਨਕ ਸਿਵਲ ਹਸਪਤਾਲ ਕੰਪਲੈਕਸ ਵਿੱਚ ਸਥਿਤ ਕਰੀਬ ਸੌ ਫੁੱਟ ਉੱਚੀ ਪਾਣੀ ਦੀ ਟੈਂਕੀ ਉੱਪਰ ਡਟਿਆ ਹੋਇਆ ਹੈ ਜਿਸ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨ ਕੇ ਜਲਦ ਤੋਂ ਜਲਦ ਬੇਰੁਜ਼ਗਾਰ ਸਾਥੀ ਅਧਿਆਪਕ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ ਜਾਵੇੇ। ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਸੰਘਰਸ਼ ਹਰ ਹਾਲਤ ਵਿਚ ਜਾਰੀ ਰਹੇਗਾ। ਇਸ ਮੌਕੇ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਦਵਿੰਦਰ ਸਿੰਘ, ਸੁਨੀਲ ਕੁਮਾਰ, ਸ਼ਮਿੰਦਰ ਪਾਲ, ਵਿਪਨ ਕੁਮਾਰ, ਹਰਪ੍ਰੀਤ ਸਿੰਘ, ਦਵਿੰਦਰ ਭੁੱਲਰ, ਸੁਖਬੀਰ ਸਿੰਘ, ਸੰਦੀਪ ਸਿੰਘ, ਅਮਿਤ ਕੁਮਾਰ ਆਦਿ ਮੌਜੂਦ ਸਨ। ਉਧਰ ‘ਆਪ’ ਆਗੂ ਤੇ ਲੋਕ ਗਾਇਕ ਬਲਕਾਰ ਸਿੱਧੂ ਨੇ ਵੀ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ।