ਲਹਿਰਾਗਾਗਾ: ਸਦਰ ਪੁਲੀਸ ਨੇ ਪਿੰਡ ਭੁਟਾਲ ਕਲਾਂ ਦੇ ਵਸਨੀਕ ਤੇ ਪੈਟਰੋਲ ਪੰਪ ਮਾਲਕ ਦੇ ਬਿਆਨ ’ਤੇ ਕਰਿੰਦੇ ਖਿਲਾਫ਼ ਸਵਾ ਪੰਦਰਾਂ ਲੱਖ ਦੀ ਠੱਗੀ ਮਾਰਨ ਖਿਲਾਫ਼ ਕੇਸ ਦਰਜ ਕੀਤਾ ਹੈ। ਉਪ ਪੁਲੀਸ ਕਪਤਾਨ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਜਗਰਾਜ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਭੁਟਾਲ ਕਲਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਭੁਟਾਲ ਕਲਾਂ ’ਚ ਭਾਰਤੀ ਪੈਟਰੋਲ ਪੰਪ ਹੈ ਅਤੇ ਪ੍ਰੇਮ ਸਿੰਘ ਵਾਸੀ ਖੰਡੇਬਾਦ ਪਿਛਲੇ ਪੰਜ ਸਾਲਾਂ ਤੋਂ ਹਿਸਾਬ ਕਿਤਾਬ ਦੇਖਦਾ ਸੀ। ਉਨ੍ਹਾਂ ਦੱਸਿਆ ਕਿ 1 ਅਗਸਤ ਨੂੰ ਉਹ ਸਵੇਰੇ 9 ਵਜੇ ਤੇਲ ਮੰਗਵਾਉਣ ਲਈ 15.25 ਲੱਖ ਰੁਪਏ ਲੈ ਕੇ ਐੱਸਬੀਆਈ ਬੈਂਕ ਲਹਿਰਾਗਾਗਾ ’ਚ ਜਮ੍ਹਾਂ ਕਰਵਾਉਣ ਗਿਆ ਪਰ ਉਸ ਨੇ ਲਹਿਰਾਗਾਗਾ ਬੈਂਕ ’ਚ ਪੈਸੇ ਜਮ੍ਹਾਂ ਨਾ ਕਰਵਾ ਕੇ ਮਾਲਕਾਂ ਨਾਲ ਠੱਗੀ ਮਾਰਨ ਦੀ ਨੀਅਤ ਨਾਲ ਹੜੱਪ ਲਏ। ਸਦਰ ਪੁਲੀਸ ਨੇ ਜਗਰਾਜ ਸਿੰਘ ਦੇ ਬਿਆਨ ’ਤੇ ਪ੍ਰੇਮ ਸਿੰਘ ਖਿਲਾਫ਼ ਠੱਗੀ ਮਾਰਨ, ਧੋਖਾਧੜੀ ਦੇ ਦੋਸ਼ ਹੇਠ ਧਾਰਾ 420, 406 ਤੇ 120 ਬੀ ਅਧੀਨ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ