ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਨਵੰਬਰ
ਇਥੋਂ ਨੇੜਲੇ ਪਿੰਡ ਪੰਨਵਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕੱਲਬ ਵੱਲੋਂ 2 ਰੋਜ਼ਾ ਕਬੱਡੀ ਮਹਾਕੁੰਭ ਵਿੱਚ ਇਕ ਪਿੰਡ ਓਪਨ ਦਾ ਕੱਪ ਹਰਿਆਣਾ ਦੀ ਟੀਮ ਨੇ ਜਿੱਤਿਆ ਅਤੇ ਦੋ ਜੀਪਾਂ ਵੀ ਹਰਿਆਣਾ ਦੇ ਖਿਡਾਰੀ ਜਿੱਤ ਕੇ ਲੈ ਗਏ। ਇਸ ਟੂਰਨਾਮੈਂਟ ਦਾ ਉਦਘਾਟਨ ਬਲਾਕ ਸਮਿਤੀ ਦੇ ਚੇਅਰਮੈਨ ਵਰਿੰਦਰ ਪੰਨਵਾਂ ਨੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪਿੰਡ ਅਤੇ ਸਟੇਡੀਅਮ ਨੂੰ ਯੋਗ ਸਹਾਇਤਾ ਦੇਣ ਦਾ ਐਲਾਨ ਕੀਤਾ। ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕੁਲਜੀਤ ਪੰਨਵਾਂ ਅਤੇ ਦਲਜੀਤ ਘੁਮਾਣ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 32 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਵਿਚੋਂ ਇਕ ਪਿੰਡ ਓਪਨ ਮੁਕਾਬਲੇ ਵਿੱਚ ਦਿਊੜਾ ਹਰਿਆਣਾ ਨੇ ਪਹਿਲਾ ਅਤੇ ਬੇਨੜਾ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਕ੍ਰਮਵਾਰ 71 ਹਜ਼ਾਰ ਰੁਪਏ ਅਤੇ 51 ਹਜ਼ਾਰ ਰੁਪਏ ਨਕਦ ਰਾਸ਼ੀ ਤੇ ਦੋਵੇਂ ਟੀਮਾਂ ਨੂੰ ਇਕ ਇਕ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ ਟੂਰਨਾਮੈਂਟ ਦੌਰਾਨ ਵਧੀਆ ਜਾਫ਼ੀ ਸ਼ੀਲੂ ਹਰਿਆਣਾ ਅਤੇ ਵਧੀਆ ਰੇਡਰ ਰਵੀ ਦਿਊੜਾ ਹਰਿਆਣਾ ਨੂੰ ਜੀਪਾਂ ਨਾਲ, ਉਘੇ ਖ਼ਿਡਾਰੀ ਨਵੀ ਰਾਉਂਕੇ ਕਲਾਂ ਅਤੇ ਗੋਬਿੰਦ ਰਾਮੁਪਰਾ ਨੂੰ ਬੋਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਘੇ ਕੁਮੈਂਟੇਟਰ ਸੰਧੂ ਭਰਾਵਾਂ ਨੂੰ 1 ਲੱਖ 20 ਹਜ਼ਾਰ, ਅਮਰੀਕ ਖੋਸਾ ਕੋਟਲਾ ਨੂੰ 61 ਹਜ਼ਾਰ ਅਤੇ ਸੁੱਖੀ ਝਨੇੜੀ ਨੂੰ 51 ਹਜ਼ਾਰ ਨਾਲ ਸਨਮਾਨਿਤ ਕੀਤਾ। ਗਾਇਕ ਲਾਭ ਹੀਰਾ ਨੇ ਗਾਇਕੀ ਦਾ ਚੰਗਾ ਰੰਗ ਬੰਨ੍ਹਿਆ।