ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਦਸੰਬਰ
ਇਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ’ਤੇ ਪੱਕੇ ਧਰਨੇ ਦੌਰਾਨ ਬਲਾਕ ਦੇ ਸਮੂਹ ਪੱਤਰਕਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਘਰਾਚੋਂ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਹਰਜੀਤ ਸਿੰਘ ਮਹਿਲਾਂ, ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਅਤੇ ਗੁਰਤੇਜ ਸਿੰਘ ਭੱਟੀਵਾਲ ਨੇ ਕਿਹਾ ਕਿ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਮੋਦੀ ਸਰਕਾਰ ਖ਼ਿਲਾਫ਼ ਕਿਸਾਨ ਸੰਘਰਸ਼ ਦੌਰਾਨ ਵੱਖ-ਵੱਖ ਅਦਾਰਿਆਂ ਨਾਲ ਸਬੰਧਤ ਪੱਤਰਕਾਰਾਂ ਵੱਲੋਂ ਧੜੱਲੇ ਨਾਲ ਕਵਰੇਜ ਕਰ ਕੇ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਬਲਾਕ ਦੇ ਸਮੂਹ ਪੱਤਰਕਾਰਾਂ ਦਾ ਸਨਮਾਨ ਕਰ ਕੇ ਆਪਣੀ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਟੌਲ ਪਲਾਜ਼ਿਆਂ ਦੇ ਰੇਟਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਧਰਨੇ ਜਾਰੀ ਰੱਖੇ ਜਾਣਗੇ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ -ਨਾਭਾ ਮੁੱਖ ਮਾਰਗ ’ਤੇ ਟੌਲ ਪਲਾਜ਼ਾ ਮਾਝੀ ’ਤੇ ਧਰਨਾ ਜਾਰੀ ਰੱਖਿਆ ਗਿਆ।