ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਅਗਸਤ
ਇੱਥੇ ਦੇਰ ਸ਼ਾਮ ਸ਼ਰਾਬ ਦੇ ਖੁੱਲ੍ਹੇ ਠੇਕਿਆਂ ਦੀ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਦੇ ਕੈਮਰੇ, ਮੋਬਾਈਲ ਫੋਨ ਤੇ ਪਰਸ ਖੋਹ ਲਏ ਗਏ। ਇਸ ਸਬੰਧੀ ਥਾਣਾ ਸ਼ਹਿਰੀ-1 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਕੁੱਟਮਾਰ ਕਾਰਨ ਜ਼ਖ਼ਮੀ ਹੋਇਆ ਇਕ ਪੱਤਰਕਾਰ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਜ਼ੇਰੇ ਇਲਾਜ ਹਨ।
ਹਸਪਤਾਲ ਵਿੱਚ ਦਾਖ਼ਲ ਪੱਤਰਕਾਰ ਗੁਰਮੀਤ ਸਿੰਘ ਮੰਨਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਸਮਾਂ ਨਿਰਧਾਰਤ ਕੀਤਾ ਹੋਇਆ ਹੈ। ਕੁਝ ਠੇਕੇਦਾਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਸਮਾਂ ਸੀਮਾ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਕੈਮਰਾਮੈਨ ਮਨਜੀਤ ਸਿੰਘ ਨਾਲ ਇਸ ਸਬੰਧੀ ਕਵਰੇਜ ਕਰ ਕਰਕੇ ਵਾਪਸ ਆ ਰਹੇ ਸਨ ਤਾਂ ਸਥਾਨਕ ਮਦੇਵੀ ਫਾਟਕ ਨੇੜੇ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਕੈਮਰੇ, ਮੋਬਾਈਲ ਫੋਨ ਅਤੇ ਪਰਸ ਖੋਹ ਲਏ। ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਇਸ ਸਬੰਧੀ ਥਾਣਾ ਸਿਟੀ-1 ਵਿੱਚ ਦਰਖ਼ਾਸਤ ਦੇ ਕੇ ਵਾਪਸ ਜਾ ਰਹੇ ਸਨ ਤਾਂ ਕਿਲ੍ਹਾ ਰੋਡ ’ਤੇ ਇਕ ਗੱਡੀ ਵਿਚ ਸਵਾਰ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਪੱਗ ਵੀ ਨਾਲ ਲੈ ਗਏ।
ਜਰਨਲਿਸਟ ਯੂਨੀਅਨ ਦੇ ਪ੍ਰਧਾਨ ਜਮੀਲ ਖੇੜੀਵਾਲਾ, ਮੁਨਸ਼ੀ ਫ਼ਾਰੂਕ ਅਹਿਮਦ, ਸੁਮੰਤ ਤਲਵਾਨੀ, ਪ੍ਰੈੱਸ ਕਲੱਬ ਅਮਰਗੜ੍ਹ ਦੇ ਪ੍ਰਧਾਨ ਹਰੀਸ਼ ਅਬਰੋਲ, ਜਤਿੰਦਰ ਸਿੰਘ ਮੰਨਵੀ ਤੇ ਸੁਖਵਿੰਦਰ ਸਿੰਘ ਅਟਵਾਲ ਆਦਿ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਪੀੜਤ ਪੱਤਰਕਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਉੱਧਰ, ਡੀਐੱਸਪੀ ਸੁਮਿਤ ਸੂਦ ਨੇ ਦੱਸਿਆ ਕਿ ਪੀੜਤ ਪੱਤਰਕਾਰਾਂ ਦੇ ਬਿਆਨਾਂ ’ਤੇ ਸ਼ਰਾਬ ਦੇ ਠੇਕੇਦਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।