ਪੱਤਰ ਪ੍ਰੇਰਕ
ਧੂਰੀ, 16 ਸਤੰਬਰ
ਧੂਰੀ ਦੇ ਰਹਿਣ ਵਾਲੇ ਪੱਤਰਕਾਰ ਰਣਜੀਤ ਸਿੰਘ ਭਸੀਨ ਦੀ ਅੱਜ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਣਜੀਤ ਭਸੀਨ ਅੱਜ ਸਵੇਰੇ ਆਪਣੇ ਇੱਕ ਸਾਥੀ ਨਾਲ ਮਾਲੇਰਕੋਟਲਾ ਬਾਈਪਾਸ ਵੱਲ ਸਕੂਟਰ ’ਤੇ ਜਾ ਰਿਹਾ ਸੀ ਕਿ ਅਚਾਨਕ ਮਿੱਟੀ ਦੀ ਭਰੀ ਇੱਕ ਟਰਾਲੀ ਨਾਲ ਟੱਕਰ ਹੋ ਜਾਣ ’ਤੇ ਰਣਜੀਤ ਭਸੀਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਧੂਰੀ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਮਗਰੋਂ ਰਣਜੀਤ ਭਸੀਨ ਦਾ ਸਸਕਾਰ ਰਾਮ ਬਾਗ ਵਿਚ ਕੀਤਾ ਗਿਆ। ਇਸ ਘਟਨਾ ਦਾ ਪਤਾ ਲੱਗਣ ’ਤੇ ਪੰਜਾਬ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸੰਜੇ ਲਹਿਰੀ, ਪੱਤਰਕਾਰ ਪਵਨ ਕੁਮਾਰ ਵਰਮਾ, ਦਰਸ਼ਨ ਸਿੰਘ ਸਮੇਤ ਧੂਰੀ ਦੇ ਵੱਖ ਵੱਖ ਅਖ਼ਬਾਰਾਂ ਦੇ ਪੱਤਰਕਾਰ ਸਿਵਲ ਹਸਪਤਾਲ ਪਹੁੰਚ ਗਏ ਸਨ। ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਪ੍ਰੀਤ, ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸਾਬਕਾ ਵਿਧਾਇਕ ਧਨਵੰਤ ਸਿੰਘ, ‘ਆਪ’ ਆਗੂ ਐੱਸਐੱਸ ਚੱਠਾ, ਸਿਮਰਪ੍ਰਤਾਪ ਸਿੰਘ ਬਰਨਾਲਾ, ਕਾਂਗਰਸੀ ਆਗੂ ਹੰਸ ਰਾਜ ਗੁਪਤਾ, ਰਾਈਸੀਲਾ ਹੈਲਥ ਫੂਡ ਲਿਮ: ਦੇ ਡਾਇਰੈਕਟਰ ਡਾ. ਏਆਰ ਸ਼ਰਮਾ, ਅਕਾਲੀ ਆਗੂ ਗਮਦੂਰ ਸਿੰਘ ਜਵੰਧਾ, ਡਾ. ਅਨਵਰ ਭਸੌੜ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਮੋਟਰਸਾਈਕਲਾਂ ਦੀ ਟੱਕਰ ’ਚ ਇੱਕ ਦੀ ਮੌਤ
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਵਾਪਰੇ ਇੱਕ ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਜੋਂ ਹੋਈ। ਉਹ ਆਪਣੇ ਚਾਚੇ ਹਰਨੇਕ ਸਿੰਘ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਇੱਥੇ ਰਾਜਪੁਰਾ ਰੋਡ ’ਤੇ ਸਥਿਤ ਪਿੰਡ ਮੁਰਾਦਪੁਰ ਦੇ ਕੋਲ ਇੱਕ ਹੋਰ ਤੇਜ਼ ਰਫਤਾਰ ਮੋਟਰਸਾਈਕਲ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਸਬੰਧੀ ਥਾਣਾ ਸਦਰ ਪਟਿਆਲਾ ’ਚ ਕੇਸ ਦਰਜ ਕੀਤਾ ਗਿਆ ਹੈ।
ਸੜਕ ਹਾਦਸੇ ’ਚ ਸਾਈਕਲ ਸਵਾਰ ਬਿਰਧ ਦੀ ਮੌਤ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪਿੰਡ ਚੂੜਲ ਕਲਾਂ ’ਚ ਮੋਟਰਸਾਈਕਲ ਦੀ ਟੱਕਰ ਨਾਲ ਇੱਕ 65 ਸਾਲਾ ਸਾਈਕਲ ਸਵਾਰ ਬਜੁਰਗ ਹਰਨੇਕ ਸਿੰਘ ਦੀ ਮੌਤ ਹੋ ਗਈ। ਪੁਲੀਸ ਚੈੱਕ ਪੋਸਟ ਚੋਟੀਆਂ ਦੇ ਇੰਚਾਰਜ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਗੁਰਦਿਆਲ ਸਿੰਘ ਦੇ ਬਿਆਨ ’ਤੇ ਬੁਲੇਟ ਮੋਟਰਸਾਈਕਲ ਸਵਾਰ ਕਰਨਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਚੂੜਲ ਕਲਾਂ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਪੋਸਟਮਾਟਰਮ ਲਈ ਭੇਜ ਦਿੱਤੀ ਹੈ। ਪੁਲੀਸ ਅਨੁਸਾਰ ਹਰਨੇਕ ਸਿੰਘ ਰਾਤ ਦੇ 8.30 ਵਜੇ ਗੁਰੂ ਨਾਨਕ ਨਗਰ ਤੋਂ ਗੁੱਗਾ ਮਾੜੀ ਚੂੜਲ ਕਲਾਂ ਵੱਲ ਸਾਈਕਲ ’ਤੇ ਜਾ ਰਿਹਾ ਸੀ ਤਾਂ ਬੁਲੇਟ ਮੋਟਰਸਾਈਕਲ ਸਵਾਰ ਨੇ ਲਾਹਪ੍ਰਵਾਹੀ ਤੇ ਤੇਜ਼ ਰਫਤਾਰ ਨਾਲ ਟੱਕਰ ਮਾਰ ਕੇ ਦਿੱਤੀ।