ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਲੇਹਲ ਖੁਰਦ ’ਚ ਅੱਜ ਔਰਤ ਨੂੰ ਬੇਹੋਸ਼ ਕਰਕੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਪਿੰਡ ਲੇਹਲ ਖੁਰਦ ਦੇ ਵਸਨੀਕ ਬਲਜੀਤ ਸਿੰਘ ਪੁੱਤਰ ਤੇਜਾ ਸਿੰਘ ਨੇ ਪੁਲੀਸ ਕੋਲ ਲਿਖਵਾਈ ਸ਼ਿਕਾਇਤ ’ਚ ਕਿਹਾ ਕਿ ਉਹ ਖੰਡੇਬਾਦ ਦੇ ਸ਼ੈੱਲਰ ’ਚ ਮੁਨੀਮ ਹੈ। ਜਦੋਂ ਉਹ ਦੁਪਿਹਰੇ ਖਾਣਾ ਖਾਣਾ ਘਰ ਆਇਆ ਤਾਂ ਘਰ ਦਾ ਮੇਨ ਗੇਟ ਖੁੱਲ੍ਹਾ ਪਿਆ ਸੀ ਤੇ ਅੰਦਰਲੇ ਦਰਵਾਜ਼ੇ ਦਾ ਜਿੰਦਰਾ ਵੀ ਟੁੱਟਿਆ ਹੋਇਆ ਸੀ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਬੈੱਡ ’ਤੇ ਬੇਹੋਸ਼ ਪਈ ਸੀ। ਪਤਨੀ ਨੇ ਹੋਸ਼ ’ਚ ਆਉਣ ’ਤੇ ਦੱਸਿਆ ਕਿ ਤਿੰਨ ਅਣਪਛਾਤੇ ਵਿਆਕਤੀ ਅੰਦਰ ਆਏ ਤੇ ਉਸ ਨੂੰ ਨਸ਼ੇ ਵਾਲੀ ਕੋਈ ਦਵਾਈ ਸੁੰਘਾ ਕੇ ਬੇਹੋਸ਼ ਕਰ ਦਿੱਤਾ। ਚੋਰਾਂ ਨੇ ਅਲਮਾਰੀ ਦੇ ਜਿੰਦਰੇ ਤੋੜ ਕੇ ਇਕ ਰਾਣੀ ਹਾਰ, ਇਕ ਕੜਾ, ਛਾਪ, ਦੋ ਕਾਂਟਿਆਂ ਦੀਆਂ ਜੋੜੀਆਂ ਤੇ ਇਕ ਚੇਨੀ ਚੋਰੀ ਕਰ ਕੇ ਲੈ ਗਏ। ਪੁਲੀਸ ਨੇ ਸੂਚਨਾ ਮਿਲਦਿਆਂ ਹੀ ਮੌਕੇ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ।