ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਸਤੰਬਰ
ਇੱਥੇ ਬੱਸ ਸਟੈਂਡ ਵਿੱਚ ਤਿੰਨ ਅਣਪਛਾਤੇ ਵਿਅਕਤੀ, ਔਰਤ ਕੋਲੋਂ ਧੋਖੇ ਨਾਲ ਸੋਨੇ ਦੇ ਗਹਿਣੇ ਉਤਰਵਾ ਕੇ ਲੈ ਗਏ। ਔਰਤ ਨੇ ਥਾਣਾ ਸਿਟੀ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲੀਸ ਨੇ ਬੱਸ ਸਟੈਂਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਟੀ ਪੁਲੀਸ ਅਨੁਸਾਰ ਸੁਰੇਸ਼ ਜ਼ਖ਼ਮੀ ਵਾਸੀ ਨਾਭਾ ਜ਼ਿਲ੍ਹਾ ਪਟਿਆਲਾ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਜਦੋਂ ਉਹ ਬੱਸ ਰਾਹੀਂ ਸੁਨਾਮ ਤੋਂ ਬੱਸ ਸਟੈਂਡ ਸੰਗਰੂਰ ਪੁੱਜੀ ਤਾਂ ਦੋ ਵਿਅਕਤੀਆਂ ਨੇ ਉਸ ਨੂੰ ਕਿਹਾ,‘ਇੱਥੇ ਚੈਕਿੰਗ ਚੱਲ ਰਹੀ ਹੈ ਅਤੇ ਤੁਸੀਂ ਜੋ ਸੋਨੇ ਦੇ ਗਹਿਣੇ ਪਹਿਨੇ ਹਨ, ਉਹ ਉਤਾਰ ਕੇ ਆਪਣੇ ਬੈਗ ਵਿੱਚ ਪਾ ਲਓ।’ ਇਨ੍ਹਾਂ ਵਿਅਕਤੀਆਂ ਨੇ ਔਰਤ ਦੇ ਪਹਿਨੀਆਂ ਦੋ ਸੋਨੇ ਦੀਆਂ ਚੂੜੀਆਂ ਅਤੇ ਇੱਕ ਸੋਨੇ ਦੀ ਛਾਪ ਉਤਾਰ ਦਿੱਤੀਆਂ ਅਤੇ ਉਸ ਦੇ ਗਹਿਣੇ ਖੁਦ ਕਾਗਜ਼ ਵਿੱਚ ਲਪੇਟ ਲਏ। ਫ਼ਿਰ ਇਨ੍ਹਾਂ ਵਿਅਕਤੀਆਂ ਨੇ ਧੋਖੇ ਨਾਲ ਉਸ ਕੋਲੋਂ ਫੜੇ ਸੋਨੇ ਦੇ ਗਹਿਣੇ ਬਦਲ ਕੇ ਨਕਲੀ ਗਹਿਣੇ ਕਾਗਜ਼ ਵਿੱਚ ਲਪੇਟ ਕੇ ਉਸਦੇ ਲਿਫ਼ਾਫ਼ੇ ਵਿੱਚ ਪਾ ਦਿੱਤੇ। ਜਦੋਂ ਉਸਨੇ ਲਿਫਾਫੇ ਵਿਚ ਪਾਏ ਗਹਿਣੇ ਕੱਢ ਕੇ ਚੈੱਕ ਕੀਤੇ ਤਾਂ ਉਸ ਵਿੱਚ ਇੱਕ ਨਕਲੀ ਕੜਾ ਸੀ। ਔਰਤ ਅਨੁਸਾਰ ਉਸ ਨੇ ਤੁਰੰਤ ਇਹਨ੍ਹਾਂ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਕਿਤੇ ਨਜ਼ਰ ਨਹੀਂ ਆਏ। ਥਾਣਾ ਸਿਟੀ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈੈ।