ਹਰਦੀਪ ਸਿੰਘ ਸੋਢੀ
ਧੂਰੀ, 25 ਮਾਰਚ
ਕਿਸਾਨ ਸੰਘਰਸ਼ ’ਚ ਸ਼ਮੂਲੀਅਤ ਕਰਨ ਲਈ ਆੜ੍ਹਤੀਆ ਐਸੋਸ਼ੀਏਸ਼ਨ ਧੂਰੀ ਦੇ ਮੈਂਬਰਾਂ ਦਾ ਵੱਡਾ ਜੱਥਾ ਐਸੋੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਜਗਤਾਰ ਸਿੰਘ ਸਮਰਾ ਨੇ ਦੱਸਿਆ ਕਿ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਆੜ੍ਹਤੀਆਂ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਲੜੀ ਤਹਿਤ ਅੱਜ ਧੂਰੀ ਮੰਡੀ ਦੇ ਆੜ੍ਹਤੀਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 2018 ਵਿਚ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਫ਼ਸਲ ਦੀ ਅਦਾਇਗੀ ਆੜ੍ਹਤੀਆਂ ਦੇ ਖਾਤੇ ਵਿੱਚ ਪਾ ਕੇ ਹੀ ਕੀਤੀ ਜਾਵੇਗੀ। ਉਨ੍ਹਾਂ ਸਿੱਧੀ ਅਦਾਇਗੀ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਦੇ ਰਿਸ਼ਤੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਸਾਡੀ ਮੰਗ ਨਾ ਮੰਨੀ ਤਾਂ 5 ਅਪਰੈਲ ਤੋਂ ਪੰਜਾਬ ਦੇ ਆੜ੍ਹਤੀਆਂ ਵੱਲੋਂ ਹੜਤਾਲ ਕੀਤੀ ਜਾਵੇਗੀ।
ਹਰ ਹਫ਼ਤੇ ਹੋ ਰਿਹਾ ਦੇਸ਼ ਦੀ ਰਾਜਧਾਨੀ ਲਈ ਜਥਾ ਰਵਾਨਾ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ, ਨੌਜਵਾਨਾਂ ਅਤੇ ਕਿਸਾਨ ਬੀਬੀਆਂ ਦਾ ਜਥਾ ਬੱਸ ਰਾਹੀਂ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂ ਜਥੇਦਾਰ ਹਰਬੰਸ ਸਿੰਘ ਦਿੜ੍ਹਬਾ, ਰਾਜ ਸਿੰਘ, ਨੌਜਵਾਨ ਕਿਸਾਨ ਆਗੂ ਸਤਨਾਮ ਸਿੰਘ, ਧਨ ਸਿੰਘ ਅਤੇ ਮੇਜਰ ਸਿੰਘ ਨੇ ਦੱਸਿਆ ਕਿ ਉਹ ਹਰੇਕ ਹਫਤੇ ਦਿੱਲੀ ਲਈ ਦਿੜ੍ਹਬਾ ਤੋਂ ਕਿਸਾਨਾਂ ਦੀ ਇੱਕ ਬੱਸ ਭੇਜ ਰਹੇ ਹਨ, ਜਿਸ ਦੀ ਲੜੀ ਤਹਿਤ ਅੱਜ ਦਿੱਲੀ ਲਈ ਬੱਸ ਰਵਾਨਾਂ ਕੀਤੀ ਗਈ ਹੈ।