ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 31 ਮਾਰਚ
ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਤੇ ਸਰਕਾਰ ਵੱਲੋਂ ਨੌਜਵਾਨਾਂ ਤੇ ਕੀਤੇ ਗਏ ਮੁਕੱਦਮਿਆਂ ਨੂੰ ਰੱਦ ਕਰਵਾਉਣ ਅਤੇ ਫੜੇ ਗਏ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਜੋ ਦਿੱਲੀ ਗ੍ਰਿਫ਼ਤਾਰੀ ਦੇਣ ਲਈ ਪੰਜ-ਪੰਜ ਸਿੰਘਾਂ ਦੇ ਜਥੇ ਭੇਜੇ ਜਾ ਰਹੇ ਹਨ। ਇਸੇ ਲੜੀ ਤਹਿਤ ਛੇਵਾਂ ਜਥਾ ਜੋ ਕਿ ਗੁਰਦੁਆਰਾ ਲੋਹਗੜ੍ਹ ਜ਼ਫ਼ਰਨਾਮਾ ਸਾਹਿਬ ਦੀਨਾ ਕਾਂਗੜ ਤੋਂ ਰਵਾਨਾ ਹੋ ਕੇ ਅੱਜ ਸਥਾਨਕ ਗੁਰਦੁਆਰੇ ਵਿੱਚ ਦੇਰ ਸ਼ਾਮ ਨੂੰ ਪਹੁੰਚਿਆ ਅਤੇ ਮੱਥਾ ਟੇਕਣ ਉਪਰੰਤ ਅੱਗੇ ਦਿੱਲੀ ਨੂੰ ਰਵਾਨਾ ਹੋਇਆ। ਇਨ੍ਹਾਂ ਪੰਜ ਸਿੰਘਾਂ ਦੇ ਜਥੇ ਵਿਚ ਜਥੇਦਾਰ ਹਰਦੇਵ ਸਿੰਘ ਪੱਪੂ, ਜਥੇਦਾਰ ਨਰਿੰਦਰ ਸਿੰਘ ਕਾਲਾਬੂਲਾ, ਜਥੇਦਾਰ ਗੁਰਵਿੰਦਰ ਸਿੰਘ ਮੂਲੋਵਾਲ, ਜਥੇਦਾਰ ਸਾਧੂ ਸਿੰਘ ਪੇਧਨੀ ਅਤੇ ਜਥੇਦਾਰ ਅਮਰਜੀਤ ਸਿੰਘ ਬਾਦਸਾਹਪੁਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅਗਲਾ ਜਥਾ 6 ਅਪਰੈਲ ਨੂੰ ਬਾਬਾ ਬਕਾਲਾ ਤੋਂ ਜਾਵੇਗਾ। ਉਨ੍ਹਾਂ ਕਿਹਾ ਕਿ 19 ਅਪਰੈਲ ਨੂੰ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ ਪੁਰਬ ਮੌਕੇ ਜਥੇਬੰਦੀ ਦੇ ਆਗੂ ਤੇ ਵਰਕਰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿੱਚ ਅਰਦਾਸ ਕਰਨ ਉਪਰੰਤ ਕੇਸਰੀ ਝੰਡਾ ਲੈ ਕੇ ਲਾਲ ਕਿਲ੍ਹਾ ਵਿੱਚ ਰਵਾਨਾ ਹੋਣਗੇ। ਜਥੇ ਦੇ ਮਸਤੂਆਣਾ ਸਾਹਿਬ ਵਿੱਚ ਪਹੁੰਚਣ ਤੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਵੱਲੋਂ ਸਿਰੋਪਾਓ ਭੇਟ ਕੀਤੇ ਗਏ।