ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਹਿਰਾਗਾਗਾ ’ਚ ਰਿਲਾਇੰਸ ਪੰਪ ਅਤੇ ਛਾਜਲੀ ’ਚ ਸਾਇਲੋ ਗੁਦਾਮ ਅੱਗੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਧਰਨੇ ਅੱਠਵੇਂ ਦਿਨ ’ਚ ਦਾਖਲ ਹੋ ਗਏ ਹਨ। ਛਾਜਲੀ ਧਰਨੇ ’ਚ ਜਸ਼ਨਦੀਪ ਕੌਰ ਪਿਸ਼ੌਰ ਨੇ ਸਕੂਲੋਂ ਛੁੱਟੀ ਹੋਣ ਕਰਕੇ ਲੋਕ ਪੱਖੀ ਗੀਤ ਪੇਸ਼ ਕਰਕੇ ਹਾਜਰ਼ੀਨ ਦਾ ਖੂਨ ਗਰਮਾਇਆ। ਜਥੇਬੰਦੀ ਵੱਲੋਂ ਇਨ੍ਹਾਂ ਧਰਨਿਆਂ ’ਚ ਹਰਿਆਣਾ ਵਿੱਚ ਲਾਠੀਚਾਰਜ ਦੇ ਰੋਸ ਵਜੋਂ ਸ਼ੁੱਕਰਵਾਰ ਨੂੰ ਸੂਬੇ ਦੇ ਨੈਸ਼ਨਲ ਹਾਈਵੇਅ ਦੋ ਘੰਟੇ ਲਈ ਬੰਦ, ਕੇਂਦਰ ਸਰਕਾਰ ਦੇ ਅਫਸਰ ਵੱਲੋਂ ਆਏ ਸੱਦੇ ਨੂੰ ਖਾਰਜ, ਪੰਜਾਬ ਸਰਕਾਰ ਨੂੰ ਸੱਤ ਦਿਨਾਂ ਅੰਦਰ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ, ਰੇਲ ਰੋਕੋ ਤੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਦਾ ਬਾਈਕਾਟ ਜਾਰੀ ਰਹਿਣ ਦਾ ਐਲਾਨ ਕੀਤਾ ਗਿਆ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭਟਾਲ, ਜ਼ਿਲ੍ਹਾ ਜਰਨਲ ਸਕੱਤਰ ਦਰਬਾਰ ਸਿੰਘ ਛਾਜਲਾ, ਬਹਾਲ ਸਿੰਘ ਢੀਂਡਸਾ, ਬਲਾਕ ਆਗੂ ਲੀਲਾ ਸਿੰਘ ਚੋਟੀਆਂ, ਮਾਸਟਰ ਗੁਰਚਰਨ ਸਿੰਘ ਖੋਖਰ, ਪੀਐੱਸਯੂ ਰੰਧਾਵਾ ਵੱਲੋਂ ਕੋਮਲ ਲਹਿਲ ਕਲਾਂ, ਪੁਸ਼ਪਿੰਦਰ ਮੂਨਕ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਗੋਪੀ ਗਿਰ ਕੱਲਰ ਭੈਣੀ ਆਦਿ ਬੁਲਾਰਿਆਂ ਨੇ ਦੱਸਿਆ ਕਿਹਾ ਕਿ ਕਲਾਕਾਰਾਂ ਦੇ ਪਰਦੇ ਪਿੱਛੇ ਕੁਝ ਮੌਕਾਪ੍ਰਸਤ ਲੋਕਾਂ ਵੱਲੋਂ ਭੜਕਾਊ ਭਾਸ਼ਣਾਂ ਰਾਹੀਂ ਖੇਤੀ ਵਿਰੋਧੀ ਕਾਨੂੰਨਾਂ ਦੇ ਮੁਕਾਬਲੇ ’ਤੇ ਫਿਰਕਾਪ੍ਰਸਤ ਮਸਲੇ ਉਭਾਰਨ ਤੇ ਹਿੰਸਕ ਮਹੌਲ ਪੈਦਾ ਕਰਨ ਦੇ ਯਤਨਾਂ ਦਾ ਸ਼ਿਕਾਰ ਬਣਨ ਤੋਂ ਨੌਜਵਾਨਾਂ ਨੂੰ ਖਬਰਦਾਰ ਰਹਿਣ ਉੱਤੇ ਜ਼ੋਰ ਦਿੱਤਾ। ਕਿਸਾਨ ਮਜ਼ਦੂਰ ਆਗੂਆਂ ਨੇ ਸਵੈ-ਰੁਜ਼ਗਾਰ ਦੀ ਆੜ ਹੇਠ ਔਰਤਾਂ ਦੀ ਅੰਨ੍ਹੀ ਸੂਦਖੋਰੀ ਲੁੱਟ ਕਰ ਰਹੀਆਂ ਛੋਟੀਆਂ ਫਾਈਨਾਂਸ ਕੰਪਨੀਆਂ ਦੇ ਸਾਰੇ ਕਰਜ਼ੇ ਖਤਮ ਕਰਨ, ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਮਜ਼ਦੂਰਾਂ-ਕਿਸਾਨਾਂ ’ਚ ਵੰਡਣ, ਅਰਬਾਂਪਤੀ ਖਰਬਾਂਪਤੀ ਕਾਰਪੋਰੇਟ ਘਰਾਣਿਆਂ ਤੇ ਵੱਡੇ ਜਗੀਰਦਾਰਾਂ ਉੱਤੇ ਭਾਰੀ ਟੈਕਸ ਲਾਉਣ ਦੀ ਮੰਗ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਰੇਲ ਰੋਕੋ ਤੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਦਾ ਬਾਈਕਾਟ ਪੂਰੇ ਜ਼ੋਰ ਨਾਲ ਜਾਰੀ ਰਹੇਗਾ। ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਮੋਦੀ-ਭਗਤਾਂ ਨੂੰ ਥਾਂ ਥਾਂ ਘੇਰ ਕੇ ਲਾ-ਜਵਾਬ ਕੀਤਾ ਜਾਵੇ।