ਮੁਕੰਦ ਸਿੰਘ ਚੀਮਾ
ਸੰਦੌੜ, 27 ਸਤੰਬਰ
ਜਿਥੇ ਅੱਜ ਨਵੀਂ ਪੀੜ੍ਹੀ ਕਿਸਾਨੀ ਨੂੰ ਘਾਟੇ ਦਾ ਸੌਦਾ ਮੰਨ ਕੇ ਖੇਤੀ ਤੋਂ ਪਾਸਾ ਵੱਟ ਰਹੀਂ ਹੈ ਉਥੇ ਹੀ ਨੇੜਲੇ ਪਿੰਡ ਸੰਘੈਣ ਦਾ ਨੌਜਵਾਨ ਜਸਦੇਵ ਸਿੰਘ ਇੰਜਨੀਅਰਿੰਗ ਦੀ ਪੜ੍ਹਾਈ ਪੂਰੀ ਕਰਕੇ ਆਪਣੇ ਹੱਥੀਂ ਖੇਤੀ ਕਰਨ ਨੂੰ ਤਰਜੀਹ ਦੇ ਰਿਹਾ ਹੈ। ਇੰਜਨੀਅਰ ਜਸਦੇਵ ਨੇ ਦੱਸਿਆ ਕਿ ਉਹ ਆਪਣੀ 9 ਏਕੜ ਜ਼ਮੀਨ ਪਿਛਲੇ 6 ਸਾਲਾਂ ਤੋਂ ਪਰਾਲੀ ਬਿਨਾਂ ਅੱਗ ਲਾਏ ਜ਼ਮੀਨ ਵਿਚ ਹੀ ਵਾਹ ਰਿਹਾ ਹੈ। ਉਸ ਨੇ ਕਿਹਾ ਕਿ ਖੇਤ ਵਿਚ 2-3 ਮਹਿੰਗੀਆਂ ਸਪਰੇਆਂ ਕਰਨ ਦੇ ਬਾਵਜੂਦ ਵੀ ਕਣਕ ਦੀ ਫ਼ਸਲ ਵਿਚ ਗੁੱਲੀ-ਡੰਡਾ ਨਦੀਨ ਕਾਬੂ ਨਹੀਂ ਆ ਰਿਹਾ ਸੀ ਅਤੇ ਖਾਦਾਂ ਦੀ ਵਧੇਰੇ ਵਰਤੋਂ ਕਰਨ ’ਤੇ ਵੀ ਪੂਰਾ ਝਾੜ ਨਹੀਂ ਮਿਲਦਾ ਸੀ । ਪੜ੍ਹੇ ਲਿਖੇ ਹੋਣ ਕਾਰਨ ਉਹ ਪਰਾਲੀ ਜਲਾਉਣ ਕਾਰਨ ਵਾਤਾਵਰਨ ਅਤੇ ਮਿੱਟੀ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਵੀ ਭਲੀਭਾਂਤ ਜਾਣੂ ਸੀ। ਇਸ ਲਈ ਉਸ ਨੇ ਸਾਲ 2016 ਦੌਰਾਨ ਰੋਟਾਵੇਟਰ ਵਰਤ ਕੇ ਪਹਿਲੀ ਵਾਰ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ। ਫਿਰ ਸਾਲ 2017 ਵਿਚ ਗੁੱਲੀ-ਡੰਡੇ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਮੰਤਵ ਨਾਲ ਉਸ ਨੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੈਪੀ-ਸੀਡਰ ਮਸ਼ੀਨ ਕਿਰਾਏ ’ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਿੱਥੇ ਰਵਾਇਤੀ ਬਿਜਾਈ ਲਈ ਪ੍ਰਤੀ ਏਕੜ ਲਗਪਗ 20-25 ਲਿਟਰ ਡੀਜ਼ਲ ਦੀ ਖਪਤ ਹੁੰਦੀ ਸੀ ਉਥੇ ਹੀ ਹੈਪੀ ਸੀਡਰ ਨਾਲ ਬਿਜਾਈ ਤੇ ਕੇਵਲ 5-7 ਲਿਟਰ ਪ੍ਰਤੀ ਏਕੜ ਹੀ ਖਪਤ ਹੁੰਦੀ ਹੈ। ਨਤੀਜੇ ਵਜੋਂ ਉਸ ਦੇ ਖੇਤ ਵਿਚ ਗੁੱਲੀ ਡੰਡੇ ਦੀ ਸਮੱਸਿਆ ਵਿਚ ਭਾਰੀ ਘਾਟ ਆਈ। ਡਾ. ਕੁਲਬੀਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਅਹਿਮਦਗੜ੍ਹ ਨੇ ਕਿਹਾ ਕਿ ਇਹ ਕਿਸਾਨ ਵਿਭਾਗ ਦੀਆਂ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ ਅਤੇ ਖੇਤੀ ਦੇ ਖੇਤਰ ਵਿਚ ਨਵੀਆਂ ਤਕਨੀਕਾਂ ਅਪਣਾਉਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ।
ਪਿੰਡਾਂ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਕੈਂਪ ਲਾਏ
ਪਟਿਆਲਾ (ਖੇਤਰੀ ਪ੍ਰਤੀਨਿਧ): ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਦੀਆਂ ਹਦਾਇਤਾਂ ਹੇਠ ਪਿੰਡ ਬੋਸਰ ਕਲਾਂ ਸਰਕਲ ਸਨੌਰ ਵਿੱਚ ਪਰਾਲੀ ਦੀ ਸਾਂਭ ਸੰਭਾਲ ਅਤੇ ਝੋਨੇ ਦੀ ਕਾਸ਼ਤ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ। ਖੇਤੀਬਾੜੀ ਵਿਸਥਾਰ ਅਫ਼ਸਰ ਰਜਿੰਦਰ ਕੁਮਾਰ ਨੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਖੇਤੀਬਾੜੀ ਵਿਭਾਗ ਦੇ ਬੀਟੀਐਮ ਨੇਹਾ ਕਥੂਰੀਆ ਨੇ ਕਿਸਾਨਾਂ ਨੂੰ ਪੀਐਮ ਨਿਧੀ ਸਕੀਮ ਤਹਿਤ ਈਕੇਵਾਈਸੀ ਅਤੇ ਅਪਲਾਈ ਕਰਨ ਸਬੰਧੀ ਜਾਣਕਾਰੀ ਦਿੱਤੀ। ਕੈਂਪ ਵਿਚ ਬੋਸਰ ਕਲਾਂ, ਜੋਗੀਪੁਰ, ਪੂਨੀਆਂ ਜੱਟਾਂ ਅਤੇ ਬੁੱਢਣਪੁਰ ਦੇ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ। ਅਗਾਂਹਵਧੂ ਕਿਸਾਨ ਗੁਰਵੀਰ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਦਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਉਥੇ ਹੀ ਅਗਲੀ ਫਸਲ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ।