ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਮਾਰਚ
ਇੱਕ ਪਾਸੇ ਕੌਮਾਂਤਰੀ ਪੱਧਰ ’ਤੇ ਔਰਤ ਵਰਗ ਨੂੰ ਸਨਮਾਨ ਦੇਣ ਲਈ ਕੌਮਾਂਤਰੀ ਔਰਤ ਦਿਵਸ ਮਨਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਵੱਖ ਵੱਖ ਖੇਡਾਂ ’ਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਤਗਮੇ ਹਾਸਲ ਕਰਨ ਵਾਲੀ ਲਹਿਰਾਗਾਗਾ ਦੀ ਖਿਡਾਰਨ ਜਗਜੀਤ ਕੌਰ ਅਜਿਹੇ ਦਿਵਸਾਂ ਨੂੰ ਮਹਿਜ਼ ਡਰਾਮੇਬਾਜ਼ੀ ਦੱਸਦੀ ਹੈ। ਉਹ ਅੰਗਹੀਣ ਤੇ ਛੋਟੇ ਵੱਡੇ ਟੂਰਨਾਮੈਂਟ ’ਚ ਸੈਂਕੜੇ ਮੈਡਲ ਜਿੱਤਣ ਦੇ ਬਾਵਜੂਦ ਪੰਜਾਬ ਵਰਗੇ ਸੂਬੇ ’ਚ ਦਰਜਾ ਚਾਰ ਦੀ ਨੌਕਰੀ ਵੀ ਨਾ ਮਿਲਣ ਤੋਂ ਨਿਰਾਸ਼ ਹੈ। ਪੰਜਾਹ ਸਾਲ ਨੂੰ ਢੁੱਕੀ ਜਗਜੀਤ ਕੌਰ ਸੂਬਾ ਸਰਕਾਰ ਤੋਂ ਨਾਖੁਸ਼ ਹੋ ਕੇ ਭਵਿੱਖ ’ਚ ਹਰਿਆਣਾ ਵੱਲੋਂ ਖੇਡਣ ਦਾ ਫੈਸਲਾ ਕਰ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਨਾਮਣਾ ਖੱਟਣ ਵਾਲੀਆਂ ਔਰਤਾਂ ਨੂੰ ਬਣਦਾ ਸਨਮਾਨ ਨਹੀਂ ਦੇਣਾ, ਫਿਰ ਔਰਤ ਦਿਵਸ ਮਨਾਉਣ ਦਾ ਕੀ ਫ਼ਾਇਦਾ। ਉਸ ਨੇ ਦੱਸਿਆ ਕਿ ਉਹ ਬਚਪਟ ਤੋਂ ਹਾਕੀ, ਕਬੱਡੀ ਤੋਂ ਇਲਾਵਾ ਦੌੜਾਂ ’ਚ ਹਿੱਸਾ ਲੈਂਦੀ ਰਹੀ ਹੈ। ਇਸ ਤੋਂ ਇਲਾਵਾ ਅਲਾਹਾਬਾਦ, ਜੰਮੂ, ਦਿੱਲੀ, ਚੰਡੀਗੜ੍ਹ, ਅਲਵਰ, ਜੈਪੁਰ ਅਤੇ ਮਲੇਸ਼ੀਆ ਆਦਿ ਵੀ ਖੇਡ ਚੁੱਕੀ ਹੈ। ਪਰ ਕਿਸੇ ਨੇ ਸਾਰ ਨਹੀਂ ਲਈ ਜਦਕਿ ਉਸ ਨੇ ਦਾਅਵਾ ਕੀਤਾ ਕਿ ਉਸ ਨੇ ਲੱਖਾਂ ਰੁਪਏ ਖ਼ਰਚ ਕੇ ਖੇਡਾਂ ਵਿੱਚ ਭਾਗ ਲੈਂਦਿਆਂ ਅਨੇਕਾਂ ਤਮਗੇ ਸੂਬੇ ਦੀ ਝੋਲੀ ਪਾਏ ਹਨ। ਪਰ ਸਰਕਾਰ ਨੇ ਪੱਕਾ ਰੁਜ਼ਗਾਰ ਨਹੀਂ ਦਿੱਤਾ ਅਤੇ ਰਾਜਸੀ ਆਗੂਆਂ ਨੇ ਸਿਰਫ ਸਿਰੋਪੇ ਦੇ ਕੇ ਡੰਗ ਟਪਾਇਆ ਹੈ। ਉਸ ਨੇ ਦੱਸਿਆ ਕਿ ਉਹ 40 ਫੀਸਦੀ ਅੱਖਾਂ ਤੋਂ ਘੱਟ ਦਿਖਣ ਕਰਕੇ ਅੰਗਹੀਣ ਹੈ ਤੇ ਖਿਡਾਰੀ ਕੋਟੇ ’ਚ ਚਪੜਾਸੀ ਤੱਕ ਦੀ ਨੌਕਰੀ ਨਹੀਂ ਮਿਲੀ। ਉਸ ਦੇ ਪਤੀ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਤੋਂ ਤਾ ਹਰਿਆਣਾ ਸਰਕਾਰ ਅੱਗੇ ਹੈ, ਜੋ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਅਤੇ ਨੌਕਰੀ ਦੇ ਰਹੀ ਹੈ।