ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਜਨਵਰੀ
ਪੰਜਾਬ ਸਰਕਾਰ ਤੇ ਮੁਲਾਜ਼ਮਾਂ ਨਾਲ ਧਰੋਹ ਕਮਾਉਣ ਦਾ ਦੋਸ਼ ਲਾਉਂਦਿਆਂ ਪੰਜਾਬ, ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਸੂਬਾ ਸਰਕਾਰ ਦੇ ਲਾਰਿਆਂ ਦੀ ਲੋਹੜੀ ਫੂਕੀ ਗਈ। ਸਾਂਝੇ ਅਧਿਆਪਕ ਮੋਰਚੇ ਦੀ ਜ਼ਿਲ੍ਹਾ ਇਕਾਈ ਵੱਲੋਂ ਪਿੰਡ ਬੇਨੜਾ ਦੇ ਸਰਕਾਰੀ ਸਕੂਲ ਦੇ ਮੁੱਖ ਗੇਟ ਤੇ ਸਰਕਾਰੀ ਵਾਅਦਾ-ਖ਼ਿਲਾਫ਼ੀ ਵਿਰੁਧ ਨਾਅਰੇਬਾਜ਼ੀ ਕਰਦਿਆਂ ਸਰਕਾਰੀ ਲਾਰਿਆਂ ਦੀ ਲੋਹੜੀ ਫੂਕੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਸਤਵੰਤ ਸਿੰਘ ਆਲਮਪੁਰ, ਸਰਬਜੀਤ ਸਿੰਘ ਪੁੰਨਾਵਾਲ, ਹਰੀ ਦਾਸ, ਬਾਰਾ ਸਿੰਘ, ਪ੍ਰਿੰਸ ਸਿੰਗਲਾ ਨੇ ਕਿਹਾ ਕਿ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਬਜਾਏ 1-01-2016 ਤੋਂ ਬਾਅਦ ਏਸੀਪੀ, ਪਰੋਬੇਸ਼ਨ ਪੀਰੀਅਡ ਦੌਰਾਨ ਬਕਾਇਆ ਦੱਬਣ ਤੇ ਮੁਲਾਜ਼ਮਾਂ ਦੇ ਪੇਂਡੂ ਭੱਤੇ ਸਮੇਤ ਹੋਰਨਾ ਭੱਤਿਆਂ ਤੇ ਕੱਟ ਮਾਰ ਕੇ ਮੁਲਾਜ਼ਮ ਮਾਰੂ ਪੱਤਰ ਜਾਰੀ ਕੀਤੇ ਗਏ। ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਅਧਿਆਪਕਾਂ, ਮੁਲਾਜ਼ਮਾਂ, ਪੈਨਸ਼ਨਰਾਂ, ਮਾਣ ਭੱਤਾ ਵਰਕਰਾਂ ਤੇ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਬੈਨਰ ਹੇਠ 16 ਜਨਵਰੀ ਨੂੰ ਕਨਵੈਨਸ਼ਨ ਕਰਕੇ ਚੋਣ ਜ਼ਾਬਤੇ ਦੌਰਾਨ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਹਲਕਿਆਂ ਵਿੱਚ ਵੱਡੇ ਐਕਸ਼ਨ ਉਲੀਕੇ ਜਾਣਗੇ ਤਾਂ ਜੋ ਇਸ ਮੁਲਾਜਮ ਵਿਰੋਧੀ ਸਰਕਾਰ ਨੂੰ ਚੱਲਦਾ ਕੀਤਾ ਜਾ ਸਕੇ। ਇਸ ਮੌਕੇ ਜੀਵਨ ਕੁਮਾਰ, ਰਾਜ ਸਿੰਘ, ਬਲਵਿੰਦਰ ਸਿੰਘ, ਮੁਖਤਿਅਰ ਸਿੰਘ, ਸਰੋਜ ਰਾਣੀ, ਚਰਨਜੀਤ ਕੌਰ, ਤਰਨਜੀਤ ਕੌਰ, ਪਲਵਿੰਦਰ ਕੌਰ, ਆਰਤੀ ਕਾਲੜਾ, ਮੋਨਿਕਾ ਰਾਣੀ, ਬਲਵਿੰਦਰ ਸਿੰਘ, ਏਕਤਾ ਸਿੰਗਲਾ, ਰਜਨੀ ਸ਼ਰਮਾ, ਜੋਤੀ ਰਾਣੀ ਵੀ ਹਾਜ਼ਰ ਸਨ।
ਲਹਿਰਾਗਾਗਾ (ਪੱਤਰ ਪ੍ਰੇਰਕ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਖੋਰਾ ਕਲਾਂ ਵਿੱਚ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਲੋਹੜੀ ਫੂਕੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲਗਾਤਾਰ ਪੰਜ ਸਾਲ ਮਲਾਜ਼ਮਾਂ ਨੂੰ ਲਾਰਿਆਂ ਤੇ ਫੋਕੇ ਵਾਅਦਿਆਂ ਤਕ ਹੀ ਭਰਮਾਈ ਰੱਖਿਆ। ਉਨ੍ਹਾਂ ਨੇ ਪ੍ਰਚਾਰ ਤੇ ਇਸ਼ਤਿਹਾਰਬਾਜ਼ੀ ਤਾਂ ਬਹੁਤ ਕੀਤੀ ਪਰ ਮੁਲਾਜ਼ਮਾਂ ਨੂੰ ਹਕੀਕਤ ਵਿੱਚ ਦਿੱਤਾ ਕੁਝ ਨਹੀਂ। ਇੱਥੋਂ ਤੱਕ ਕਿ ਪੇ ਕਮਿਸ਼ਨ ਦਾ ਬਹੁਤ ਰੌਲਾ ਪਾਇਆ ਪਰ ਪੇ ਕਮਿਸ਼ਨ ਵੀ ਮੁਲਾਜ਼ਮਾਂ ਵਾਸਤੇ ਮਾਰੂ ਹੀ ਘਾਤਕ ਹੋਇਆ। ਇਸ ਤੋਂ ਵੀ ਅੱਗੇ ਸਰਕਾਰ ਨੇ ਪੇਂਡੂ ਭੱਤਾ ਕੱਟ ਕੇ ਮੁਲਾਜ਼ਮਾਂ ਦਾ ਵਿੱਤੀ ਗਲ ਘੋਟਿਆ। ਇਨ੍ਹਾਂ ਲਾਰਿਆਂ ਤੋਂ ਤੰਗ ਆ ਕੇ ਅੱਜ ਸਕੂਲ ਵਿੱਚ ਪੰਜਾਬ ਸਰਕਾਰ ਦੇ ਲਾਰਿਆਂ ਦੀ ਲੋਹੜੀ ਬਾਲੀ ਗਈ। ਇਸ ਮੌਕੇ ਕੁਲਦੀਪ ਸ਼ਰਮਾ, ਹਰਭਗਵਾਨ ਗੁਰਨੇ, ਸਤਵੰਤ ਆਲਮਪੁਰ, ਮੇਘ ਰਾਜ, ਸੋਨੂੰ, ਸਤਪਾਲ ਸਿੰਘ, ਤਰਨਦੀਪ ਸਿੰਘ, ਜਸਵਿੰਦਰ ਸਿੰਘ, ਪ੍ਰਿੰਸ ਕੁਮਾਰ, ਮੈਡਮ ਲਖਵਿੰਦਰ, ਮੈਡਮ ਸਰਬਜੀਤ, ਮੈਡਮ ਹਰਦੀਪ ਹਾਜ਼ਰ ਸਨ।