ਗੁਰਦੀਪ ਸਿੰਘ ਲਾਲੀ
ਸੰਗਰੂਰ,11 ਜਨਵਰੀ
ਮਾਲਵਾ ਫਰੈਂਡਜ ਵੈਲਫ਼ੇਅਰ ਸੁਸਾਇਟੀ ਧੂਰੀ ਵੱਲੋਂ ਕੌਮਾਂਤਰੀ ਧੀ ਦਿਵਸ ਮੌਕੇ ਕਰਵਾਏ ਜਾਣ ਵਾਲੇ ਸਾਲਾਨਾ ਸਮਾਗਮ ਦੌਰਾਨ 12 ਜਨਵਰੀ ਨੂੰ ਧੂਰੀ ਵਿੱਚ ਪੰਜਾਬ ਦੀਆਂ 12 ਹੋਣਹਾਰ ਧੀਆਂ ਨੂੰ ‘‘ ਧੀ ਪੰਜਾਬ ਦੀ ’’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਦੇਵੀ ਦਿਆਲ ਨੇ ਦੱਸਿਆ ਕਿ ਏ.ਪੀ. ਐਨਕਲੇਵ ਧੂਰੀ ’ਚ ਸਮਾਗਮ ਹੋਵੇਗਾ।ਸਨਮਾਨਿਤ ਹੋਣ ਵਾਲੀਆਂ ਧੀਆਂ ’ਚ ਜਲੰਧਰ ਦੀ ਕੁਸਮ, ਲੌਂਗੋਵਾਲ ’ਚ ਸਕੂਲ ਵੈਨ ਨੂੰ ਅੱਗ ਲੱਗਣ ਦੀ ਵਾਪਰੀ ਘਟਨਾ ਦੌਰਾਨ ਸਕੂਲ ਵੈਨ ’ਚੋ 4 ਬੱਚਿਆਂ ਨੂੰ ਬਚਾਉਣ ਵਾਲੀ ਬਹਾਦਰ ਲੜਕੀ ਸਿਮਰਨ, ਰਾਜ ਪੁਰਸਕਾਰ ਨਾਲ ਮੁੱਖ ਮੰਤਰੀ ਵਲੋਂ ਸਨਮਾਨਿਤ ਪਿੰਡ ਸ਼ਾਹਪੁਰ ਥੇੜੀ ਮੂਣਕ ਦੀ ਬਹਾਦਰ ਲੜਕੀ ਮਨਪ੍ਰੀਤ ਕੌਰ, ਸਾਈਕਲ ’ਤੇ ਸਵਾਰ ਹੋ ਕੇ ਦਿੱਲੀ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਵਾਲੀ ਗਰੀਬ ਪਰਿਵਾਰ ਦੀ ਧੀ ਬਲਜੀਤ ਕੌਰ, ਪਿੰਡ ਚੰਗਾਲੀਵਾਲਾ ਦੀ ਸ਼ਿੰਦਰ ਕੌਰ, ਬਠਿੰਡਾ ਦੀ ਕ੍ਰਿਸ਼ਨਾ, ਜੋ ਰਾਜ ਮਿਸਤਰੀ ਵਰਗਾ ਸਖਤ ਕੰਮ ਕਰਦੀ ਹੈ, ਸੰਗਰੂਰ ਦੀ ਸੁਖਦੀਪ ਕੌਰ, ਸੰਦੋਹਾ ਬਠਿੰਡਾ ਦੀ ਧੀ ਨਵਪ੍ਰੀਤ ਕੌਰ, ਪਿੰਡ ਰੱਤੋਕੇ ਸੰਗਰੂਰ ਦੀ ਮਨਦੀਪ ਕੌਰ, ਦਿੱਲੀ ਦੀ ਮਨਜੀਤ ਕੌਰ, ਲਹਿਰਾਗਾਗਾ ਦੀ ਮਨਿੰਦਰ ਕੌਰ ਅਤੇ ਬਠਿੰਡਾ ਦੀ ਰਵਨੀਤ ਕੌਰ ਸ਼ਾਮਲ ਹਨ।