ਹਰਦੀਪ ਸਿੰਘ ਸੋਢੀ
ਧੂਰੀ, 3 ਅਪਰੈਲ
ਧੀ ਦਾ ਰਿਸ਼ਤਾ ਟੁੱਟਣ ਤੋਂ ਗੁੱਸੇ ਵਿਚ ਆਏ ਮਾਪਿਆਂ ਵੱਲੋਂ ਵਿਚੋਲੇ ਦੇ ਘਰ ਜਾ ਕੇ ਉਸ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਧੂਰੀ ਵਿਚ ਜ਼ੇਰੇ ਇਲਾਜ ਪੀੜਤ ਮਦਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਹਿਰ ਦੇ ਇਕ ਨਾਮੀ ਵਿਅਕਤੀ ਦੀ ਬੇਟੀ ਦਾ ਰਿਸ਼ਤਾ ਸ਼ਹਿਰ ਧੂਰੀ ਦੇ ਹੀ ਇਕ ਨਾਮਵਰ ਪਰਿਵਾਰ ਦੇ ਬੇਟੇ ਨੂੰ ਦਸੰਬਰ ਮਹੀਨੇ ਵਿਚ ਕਰਾਇਆ ਗਿਆ ਸੀ ਪ੍ਰੰਤੂ ਕੁਝ ਕਾਰਨਾਂ ਕਰ ਕੇ ਰਿਸ਼ਤਾ ਸਿਰੇ ਨਾ ਚੜ੍ਹ ਸਕਿਆ ਅਤੇ ਦੋਵੇਂ ਧਿਰਾਂ ਦੇ ਪਤਵੰਤਿਆਂ ਵੱਲੋਂ ਲੰਘੇ ਦਿਨੀਂ ਮਾਮਲਾ ਨਿਪਟਾ ਦਿੱਤਾ ਗਿਆ ਸੀ ਅਤੇ ਲੜਕੀ ਵਾਲਿਆਂ ਵੱਲੋਂ ਖਰਚ ਕੀਤੇ ਪੈਸਿਆਂ ਤੋਂ ਵੱਧ ਪੈਸੇ ਲੜਕੇ ਵਾਲਿਆਂ ਵੱਲੋਂ ਅਦਾ ਵੀ ਕਰ ਦਿੱਤੇ ਗਏ ਸੀ ਪਰ ਗੁੱਸੇ ’ਚ ਆਏ ਲੜਕੀ ਦੇ ਮਾਤਾ-ਪਿਤਾ ਨੇ ਲੰਘੀ ਸ਼ਾਮ ਉਸ ਦੇ ਘਰ ਅੰਦਰ ਦਾਖਲ ਹੋ ਕੇ ਹਮਲਾ ਕੀਤਾ ਤੇ ਕੁੱਟਮਾਰ ਕੀਤੀ।