ਮੇਜਰ ਸਿੰਘ ਮੱਟਰਾਂ
ਭਵਾਨੀਗੜ, 28 ਅਕਤੂਬਰ
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਐੱਸਡੀਐੱਮ ਤੇ ਨੈਸ਼ਨਲ ਹਾਈਵੇਅ ਦੀ ਟੀਮ ਸਮੇਤ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਟੌਲ ਪਲਾਜ਼ਾ ਕਾਲਾਝਾੜ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਟੌਲ ਪਲਾਜ਼ਾ ਦੇ ਕੰਮਾਂ ਦੀ ਸਮੀਖਿਆ ਵੀ ਕੀਤੀ ਅਤੇ ਟੌਲ ਮੈਨੇਜਮੈਂਟ ਨੂੰ ਕਈ ਥਾਵਾਂ ਤੋਂ ਟੁੱਟੀ ਹੋਏ ਨੈਸ਼ਨਲ ਹਾਈਵੇਅ ਦੀ ਤੁਰੰਤ ਮੁਰੰਮਤ ਕਰਨ ਦੇ ਆਦੇਸ਼ ਵੀ ਦਿੱਤੇ। ਦੱਸਣਯੋਗ ਹੈ ਕਿ ਪਹਿਲੀ ਮੈਨੇਜਮੈਂਟ ਦੇ ਜਾਣ ਤੋਂ ਬਾਅਦ ਨੈਸ਼ਨਲ ਹਾਈਵੇਅ ਦੀ ਮੁਰੰਮਤ ਅਤੇ ਭਵਾਨੀਗੜ੍ਹ ਵਿੱਚ ਲਾਈਟਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਟੌਲ ਪਲਾਜ਼ਾ ਦੀ ਮਿਆਦ 476 ਦਿਨਾਂ ਲਈ ਵਧੀ
ਸਮਾਣਾ (ਸੁਭਾਸ਼ ਚੰਦਰ): ਪਟਿਆਲਾ-ਸਮਾਣਾ-ਪਾਤੜਾਂ ਸੜਕ ’ਤੇ ਪਿੰਡ ਅਸਰਪੁਰ ਨੇੜੇ ਕਰੀਬ 15 ਸਾਲ ਤੋਂ ਚੱਲ ਰਹੇ ਟੌਲ ਪਲਾਜ਼ਾ ਜਿਸ ਦੀ ਮਿਆਦ 24 ਅਕਤੂਬਰ ਨੂੰ ਖਤਮ ਹੋਈ ਸੀ ਨੂੰ ਪੰਜਾਬ ਸਰਕਾਰ ਨੇ ਕੁਝ ਸ਼ਰਤਾਂ ਰੱਖ ਕੇ 476 ਦਿਨਾਂ ਲਈ ਹੋਰ ਵਧਾ ਦਿੱਤਾ ਹੈ ਜਿਸ ਕਾਰਨ ਟੌਲ ਕਰਮਚਾਰੀਆਂ ’ਚ ਖੁਸ਼ੀ ਪਾਈ ਜਾ ਰਹੀ ਹੈ ਪਰ ਆਮ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਨੇ ਰੋਹਨ ਰਾਜਦੀਪ ਕੰਪਨੀ ਵੱਲੋਂ ਪਿੰਡ ਅਸਰਪੁਰ ਵਿਖੇ ਚੱਲ ਰਹੇ ਟੋਲ ਪਲਾਜ਼ਾ ਦੀ ਸਭ ਤੋਂ ਵੱਡੀ ਘਾਟ ਦੱਸਦਿਆਂ ਕਿਹਾ ਕਿ ਹੋਰ ਟੌਲ ਪਲਾਜ਼ਿਆਂ ’ਤੇ 24 ਘੰਟੇ ਦੀ ਟੌਲ ਪਰਚੀ ਕੱਟੀ ਜਾਂਦੀ ਹੈ ਪਰ ਇਸ ਟੌਲ ’ਤੇ ਰਾਤ ਨੂੰ 12 ਵਜੇ ਤੋਂ ਬਾਅਦ ਦੁਬਾਰਾ ਪਰਚੀ ਕਟਾਉਣੀ ਪੈਂਦੀ ਹੈ ਜੋ ਕਿ ਲੋਕਾਂ ਨਾਲ ਧੱਕਾ ਹੈ।