ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਅਗਸਤ
ਥਾਣਾ ਸਦਰ ਅਧੀਨ ਪੈਂਦੀ ਜੈਲ ਪੋਸਟ ਚੋਟੀਆਂ ’ਚ ਲੰਘੀ ਰਾਤ ਬੋਲੇਰੋ ਚਾਲਕ ਨੇ ਪੁਲੀਸ ਦੇ ਨਾਕੇ ’ਤੇ ਰੁਕਣ ਦੀ ਬਜਾਏ ਉੱਥੇ ਖੜ੍ਹੇ ਹੋਮ ਗਾਰਡ ਜਵਾਨ ਹੰਸ ਰਾਜ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜ਼ਖ਼ਮੀ ਨੂੰ ਗੰਭੀਰ ਹਾਲਤ ’ਚ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਐੱਸਐੱਚਓ ਸਦਰ ਇੰਸਪੈਕਟਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਜੈਲ ਪੋਸਟ ਦੇ ਹੌਲਦਾਰ ਰਾਮ ਕੁਮਾਰ ਦੀ ਅਗਵਾਈ ਵਿੱਚ 15 ਅਗਸਤ ਕਰਕੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚੋਟੀਆਂ ਜੈਲ ਪੋਸਟ ਨੇੜੇ 6 ਤੋਂ 8 ਵਜੇ ਤੱਕ ਨਾਕਾ ਹੋਇਆ ਸੀ, ਜਾਖਲ (ਹਰਿਆਣਾ) ਵੱਲੋਂ ਆ ਰਹੀ ਬੋਲੇਰੋ ਦੇ ਚਾਲਕ ਨੇ ਹੋਮ ਗਾਰਡ ਜਵਾਨ ਹੰਸ ਰਾਜ ਦੀਆਂ ਦੋਵੇਂ ਲੱਤਾਂ ਤੋਂ ਲੰਘਾ ਦਿੱਤੀ। ਸਦਰ ਪੁਲੀਸ ਨੇ ਹੌਲਦਾਰ ਰਾਮ ਕੁਮਾਰ ਦੇ ਬਿਆਨ ’ਤੇ ਯਾਦਵਿੰਦਰ ਸਿੰਘ ਬਿੰਦਰੀ ਤੇ ਅਮਨਦੀਪ ਸਿੰਘ ਗੈਡਾ ਵਾਸੀਆਨ ਭੀਖੀ ਜ਼ਿਲ੍ਹਾ ਮਾਨਸਾ ਅਤੇ ਦੋ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਸੜਕ ਹਾਦਸੇ ਵਿੱਚ ਜ਼ਖ਼ਮੀ ਵਿਅਕਤੀ ਨੇ ਦਮ ਤੋੜਿਆ
ਲਹਿਰਾਗਾਗਾ: ਇੱਥੇ ਨੇੜਲੇ ਪਿੰਡ ਫਲੇੜਾ ’ਚ ਸੁਨਾਮ ਦੇ ਵਸਨੀਕ ਕੁਲਵਿੰਦਰ ਸਿੰਘ ਜੋ ਲੰਘੇ ਕੱਲ੍ਹ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਸਨ, ਅੱਜ ਦਮ ਤੋੜ ਗਏ। ਸੁਨਾਮ ਦੇ ਵਸਨੀਕ ਕੁਲਵਿੰਦਰ ਸਿੰਘ ਅਤੇ ਉਸ ਦੀ ਬੇਟੀ ਦਵਿੰਦਰ ਕੌਰ ਆਪਣੀ ਸਕੂਟਰੀ ਲਾਭ ਸਿੰਘ ਫਲੇੜਾ ਦਾ ਪਤਾ ਕਰਨ ਆਏ ਸਨ ਕਿ ਵਾਪਸੀ ਸਮੇਂ ਹਾਦਸਾ ਵਾਪਰ ਗਿਆ। ਜ਼ਖ਼ਮੀ ਹੋਏ ਕੁਲਵਿੰਦਰ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ’ਚ ਦਾਖਲ ਕਰਵਾਇਆ ਜਿਥੇ ਜ਼ਖ਼ਮੀ ਦੀ ਹਾਲਤ ਦੇਖਦੇ ਪਟਿਆਲਾ ਰੈਫਰ ਕਰ ਦਿੱਤਾ ਪਰ ਰਸਤੇ ’ਚ ਉਹ ਦਮ ਤੋੜ ਗਿਆ। ਐਸਐਚਓ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲੜਕੀ ਦਵਿੰਦਰ ਕੌਰ ਦੇ ਬਿਆਨ ’ਤੇ ਅਣਪਛਾਤੇ ਮੋਟਰਸਾਈਕਲ (ਪੀਬੀ13ਬੀਐਲ 7142) ਚਾਲਕ ਖਿਲਾਫ਼ ਧਾਰਾ 304 ਏ, 279,427 ਅਧੀਨ ਕੇਸ ਦਰਜ ਕਰਕੇ ਮਸਲੇ ਦੀ ਜਾਂਚ ਕੀਤੀ ਜਾ ਰਹੀ ਹੈ।