ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 6 ਅਪਰੈਲ
ਇੱਥੋਂ ਥੋੜ੍ਹੀ ਦੂਰ ਪਿੰਡ ਨਦਾਮਪੁਰ ਦੇ ਬੱਸ ਅੱਡੇ ਨੇੜੇ ਬੀਤੀ ਦੇਰ ਸ਼ਾਮ ਅਣਪਛਾਤੇ ਲੁਟੇਰੇ ਇੱਕ ਦੁਕਾਨਦਾਰ ਦੀ ਕੁੱਟਮਾਰ ਕਰਕੇ ਉਸ ਕੋਲੋਂ ਮੋਬਾਈਲ ਫੋਨ ਅਤੇ 24 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਹੰਸ ਰਾਜ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਉਹ ਪਿੰਡ ਚੰਨੋ ਵਿੱਚ ਟੀਵੀ ਤੇ ਬਿਜਲੀ ਰਿਪੇਅਰ ਦੇ ਨਾਲ ਨਾਲ ਪਿੰਡਾਂ ’ਚ ਅਖ਼ਬਾਰਾਂ ਦੀ ਸਪਲਾਈ ਦਾ ਵੀ ਕੰਮ ਕਰਦਾ ਹੈ। ਬੀਤੀ ਸ਼ਾਮ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਅਪਣੀ ਦੁਕਾਨ ਬੰਦ ਕਰਕੇ ਸਕੂਟਰ ’ਤੇ ਭਵਾਨੀਗੜ੍ਹ ਆ ਰਿਹਾ ਸੀ ਕਿ ਪਿੰਡ ਨਦਾਮਪੁਰ ਨਹਿਰ ਨੇੜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਉਸ ਨਾਲ ਧੱਕਾਮੁੱਕੀ ਕਰਦਿਆਂ ਦਬੋਚ ਕੇ ਝਾੜੀਆਂ ਵਿੱਚ ਲੈ ਗਏ ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਮੋਟਰਸਾਇਕਲ ਨੂੰ ਸਟਾਰਟ ਕਰਕੇ ਸੜਕ ’ਤੇ ਹੀ ਖੜ੍ਹਾ ਰਿਹਾ। ਹੰਸ ਰਾਜ ਨੇ ਦੱਸਿਆ ਕਿ ਝਾੜੀਆਂ ਦੀ ਓਟ ‘ਚ ਦੋ ਨੌਜਵਾਨਾਂ ਨੇ ਕੜਾਨੁਮਾ ਚੀਜ਼ ਨਾਲ ਕੁੱਟਮਾਰ ਕਰਦਿਆਂ ਉਸ ਦੀ ਅੱਖ ’ਤੇ ਸਿਰ ‘ਚ ਸੱਟਾਂ ਮਾਰੀਆਂ ਤੇ ਬਾਅਦ ਵਿੱਚ ਉਸ ਕੋਲੋਂ ਮੋਬਾਇਲ ਫੋਨ ਤੇ ਕਰੀਬ 24 ਹਜ਼ਾਰ ਰੁਪਏ ਲੁੱਟ ਕੇ ਹਰਦਿਤਪੁਰਾ ਪਿੰਡ ਵੱਲ ਮੋਟਰਸਾਇਕਲ ‘ਤੇ ਬੈਠ ਕੇ ਫ਼ਰਾਰ ਹੋ ਗਏ।ਇਸੇ ਦੌਰਾਨ ਐੱਸਆਈ ਬਲਵਿੰਦਰ ਸਿੰਘ ਚੌਕੀ ਇਚਾਰਜ ਕਾਲਝਾੜ ਨੇ ਮਾਮਲੇ ਦੀ ਜਾਂਚ ਸਬੰਧੀ ਪੁਸ਼ਟੀ ਕੀਤੀ ਹੈ।ਪੀੜਤ ਜੋ ਪਿੰਡਾਂ ਵਿੱਚ ਅਖ਼ਬਾਰਾਂ ਵੰਡਣ ਦਾ ਕੰਮ ਕਰਦਾ ਹੈ, ਦੇ ਸਿਰ ਵਿੱਚ ਕਾਫੀ ਸੱਟ ਲੱਗੀ ਹੈ ਅਤੇ ਅੱਖ ਉੱਤੇ ਵੀ ਦੋ ਟਾਂਕੇ ਲੱਗੇ ਹਨ।