ਗੋਵਰਧਨ ਗੱਬੀ
ਕੁਝ ਦਿਨ ਪਹਿਲਾਂ ਹੀ ‘ਐਮਾਜ਼ੋਨ ਪ੍ਰਾਈਮ ਵੀਡੀਓ’ ’ਤੇ ਰਿਲੀਜ਼ ਹੋਈ ਹਿੰਦੀ ਵੈੱਬ ਸੀਰੀਜ਼ ‘ਪਤਾਲ ਲੋਕ’ ਅੱਜਕੱਲ੍ਹ ਕਾਫ਼ੀ ਚਰਚਾ ਤੇ ਵਿਵਾਦਾਂ ਵਿਚ ਹੈ। ਚਰਚਾ, ਇਸ ਗੱਲ ਦੀ ਹੈ ਕਿ ਇਹ ਸੀਰੀਜ਼ ਬਹੁਤ ਹੀ ਬਾਰੀਕੀ ਤੇ ਬਾਖ਼ੂਬੀ ਨਾਲ ਪੇਸ਼ ਕੀਤੀ ਗਈ ਹੈ। ਇਸ ਵਿਚ ਫੜੇ ਤੇ ਪੇਸ਼ ਕੀਤੇ ਗਏ ਮੁੱਦੇ ਤੇ ਵਿਸ਼ੇ ਯਥਾਰਥ ਦੇ ਬਹੁਤ ਕਰੀਬ ਹਨ। ਸੀਰੀਜ਼ ਵਿਚ ਅਦਾਕਾਰੀ, ਪੇਸ਼ਕਾਰੀ ਤੇ ਨਿਰਦੇਸ਼ਨਾ ਬਾਕਮਾਲ ਹੈ। ਆਧੁਨਿਕ ਸਮਾਜ ਦੇ ਹਰ ਪਹਿਲੂ ਵਿਚ ਫੈਲੇ ਮਹੀਨ ਜਾਲ ਬਾਰੇ ਇਕ ਕਿਸਮ ਦਾ ਦਰਸ਼ਨੀ ਸਾਹਿਤ ਹੈ। ਸੀਰੀਜ਼ ਵਿਵਾਦਾਂ ਵਿਚ ਇਸ ਕਰਕੇ ਹੈ ਕਿਉਂਕਿ ਇਲਜ਼ਾਮ ਲੱਗ ਰਹੇ ਹਨ ਕਿ ਇਸ ਵਿਚ ਸੀਮਾ ਤੋਂ ਵੱਧ ਗਾਲ੍ਹਾਂ ਦੀ ਦੁਰਵਰਤੋਂ ਕੀਤੀ ਗਈ ਹੈ। ਜਾਣਬੁੱਝ ਕੇ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜਾਤਪਾਤ ਦੀ ਪ੍ਰਥਾ ਨੂੰ ਬੇਲੋੜਾ ਉਤਸ਼ਾਹ ਦਿੱਤਾ ਗਿਆ ਹੈ। ਭਾਰਤੀ ਇਤਿਹਾਸ ਤੇ ਮਿਥਿਹਾਸ ਬਾਰੇ ਅਤਿ ਕਥਨੀ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਮੀਡੀਆ ਤੇ ਸਿਆਸਤ ਨੂੰ ਜਾਣਬੁੱਝ ਕੇ ਊਣਾ ਤੇ ਬੌਣਾ ਪੇਸ਼ ਕੀਤਾ ਗਿਆ ਹੈ।
ਅਵਿਨਾਸ਼ ਅਰੁਣ ਤੇ ਪ੍ਰੋਸਿਤ ਰਾਏ ਨਾਮ ਦੇ ਦੋ ਨੌਜਵਾਨ ‘ਪਤਾਲ ਲੋਕ’ ਸੀਰੀਜ਼ ਦੇ ਸੰਯੁਕਤ ਨਿਰਦੇਸ਼ਕ ਹਨ। ਅਭਿਨੇਤਰੀ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਦੀ ਕੰਪਨੀ ਇਸਦੀ ਨਿਰਮਾਤਾ ਹੈ। ਅਸਲ ਵਿਚ ਸੀਰੀਜ਼ ਵਿਚ ਕੋਈ ਕਹਾਣੀ ਹੈ ਹੀ ਨਹੀਂ ਜਾਂ ਇੰਜ ਕਹਿ ਲਓ ਕਿ ਇਹ ਕਈ ਸਾਰੀਆਂ ਨਿੱਕੀਆਂ ਨਿੱਕੀਆਂ ਕਹਾਣੀਆਂ ਦਾ ਮਿਸ਼ਰਨ ਹੈ। ਸੀਰੀਜ਼ ਦਿੱਲੀ ਦੇ ਇਕ ਕਾਲਪਨਿਕ ਨਾਮ ‘ਪਤਾਲ ਲੋਕ’ ਇਲਾਕੇ ਦੇ ਥਾਣੇ ਵਿਚ ਤਾਇਨਾਤ ਇਕ ਸਬ ਇੰਸਪੈਕਟਰ ਹਾਥੀ ਰਾਮ ਚੌਧਰੀ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਕ ਨਿੱਜੀ ਟੀਵੀ ਚੈਨਲ ਦੇ ਪ੍ਰਮੁੱਖ ਦੀ ਹੱਤਿਆ ਕਰਨ ਆਏ ਚਾਰ ਅਨਸਰਾਂ ਨੂੰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਜਿਹੜੀ ਪੁਲੀਸ ਪਾਰਟੀ ਉਨ੍ਹਾਂ ਨੂੰ ਕਾਬੂ ਕਰਦੀ ਹੈ, ਉਸ ਵਿਚ ਹਾਥੀ ਰਾਮ ਚੌਧਰੀ ਵੀ ਸ਼ਾਮਲ ਹੈ। ਅਖੀਰ ਚੌਧਰੀ ਨੂੰ ਇਸ ਕੇਸ ਦੀ ਪੈਰਵਾਈ ਕਰਨ ਤੇ ਹਕੀਕਤ ਦੀਆਂ ਜੜਾਂ ਤਕ ਜਾਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਬਸ ਇਸੇ ਤਹਿਕੀਕਾਤ ਬਾਰੇ ਇਸ ਸੀਰੀਜ਼ ਦੇ ਲਗਪਗ ਪੌਣੇ-ਪੌਣੇ ਘੰਟੇ ਦੇ ਨੌਂ ਐਪੀਸੋਡ ਹਨ। ਹਰ ਐਪੀਸੋਡ ਵਿਚ ਇਕ ਪੂਰਨ ਕਹਾਣੀ ਦਾ ਚਿਤਰਣ ਹੈ।
ਸੀਰੀਜ਼ ਵਿਚ ਮੌਜੂਦਾ ਸਮਾਜ ਦੇ ਸਮਾਜਿਕ, ਆਰਥਿਕ, ਧਾਰਮਿਕ, ਇਤਿਹਾਸਕ ਤੇ ਮਿਥਿਹਾਸਕ ਬਿੰਦੂਆਂ ਨੂੰ ਛੂਹਿਆ ਗਿਆ ਹੈ। ਸੱਚ ਤਾਂ ਇਹ ਵੀ ਹੈ ਕਿ ਸਾਡਾ ਸਾਰਾ ਸਮਾਜ ਇਨ੍ਹਾਂ ਤਿੰਨ ਮੁੱਖ ਖੇਤਰਾਂ ਵਿਚ ਹੀ ਪਨਪਦਾ ਤੇ ਉਗਮਦਾ ਹੈ। ਹਾਥੀ ਰਾਮ ਨੂੰ ਥਾਣੇ ਵਿਚ ਜਿੱਥੇ ਕੇਸ ਦੀ ਪੈਰਵਾਈ ਕਰਨ ਦੌਰਾਨ ਪੁਲੀਸ ਦੇ ਅੰਦਰੂਨੀ ਝਮੇਲਿਆਂ ਨਾਲ ਲੜਨਾ ਪੈਂਦਾ ਹੈ, ਪੁਲੀਸ ਦੇ ਆਪਸੀ ਸ਼ਰੀਕਪੂਣੇ ਦਾ ਸ਼ਿਕਾਰ ਹੋਣਾ ਪੈਂਦਾ ਹੈ, ਉੱਚ ਅਧਿਕਾਰੀਆਂ ਦੀ ਕਠਪੁਤਲੀ ਬਣਨਾ ਪੈਂਦਾ ਹੈ, ਬੇਵਜ੍ਹਾ ਉਨ੍ਹਾਂ ਦੇ ਗੁੱਸੇ ਤੇ ਹੰਕਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ, ਉੱਥੇ ਦੂਸਰੇ ਪਾਸੇ ਉਸਨੂੰ ਆਪਣੇ ਪਰਿਵਾਰ ਵਿਚ ਜੰਮ ਤੇ ਮਰ ਰਹੀਆਂ ਨਿੱਕੀਆਂ ਨਿੱਕੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨਾਲ ਵੀ ਉਲਝਣਾ ਤੇ ਨਜਿੱਠਣਾ ਪੈਂਦਾ ਹੈ। ਜਿਸ ਵਿਚ ਸਮਾਜਿਕ ਤੇ ਆਰਥਿਕ ਰੁਤਬਾ ਆਦਿ ਪਹਿਲੂ ਸ਼ਾਮਲ ਹਨ। ਜਿੱਥੇ ਥਾਣੇ ਵਿਚ ਹਾਥੀ ਰਾਮ ਆਪਣੇ ਆਪ ਨੂੰ ਅਸੁਰੱਖਿਅਤ ਤੇ ਅਯੋਗ ਮਹਿਸੂਸ ਕਰਦਾ ਹੈ, ਉੱਥੇ ਘਰ ਵਿਚ ਵੀ ਉਸਨੂੰ ਉਸ ਵਰਗਾ ਹੀ ਮਹਿਸੂਸ ਹੁੰਦਾ ਹੈ। ਉਸਦਾ ਇਕਲੌਤਾ ਪੁੱਤਰ ਤੇ ਪਤਨੀ ਵੀ ਉਸਨੂੰ ਹਲਕੇ ਵਿਚ ਹੀ ਲੈਂਦੇ ਹਨ। ਸੋ ਇਸਦੇ ਚੱਲਦਿਆਂ ਉਸਨੂੰ ਬਾਹਰੀ ਤੇ ਘਰੇਲੂ ਦੋ-ਦੋ ਮੋਰਚਿਆਂ ਉੱਪਰ ਇਕੋ ਸਮੇਂ ਲੜਨਾ ਪੈਂਦਾ ਹੈ।
ਸੀਰੀਜ਼ ਵਿਚ ਮਹਾਭਾਰਤ ਦੇ ਯੁਧਿਸ਼ਟਰ ਤੇ ਕੁੱਤੇ ਵਾਲੇ ਕਾਂਡ ਨੂੰ ਮੌਜੂਦਾ ਕਾਲ ਨਾਲ ਜੋੜਿਆ ਗਿਆ ਹੈ। ਜਿਵੇਂ ਸਵਰਗ ਦੁਆਰ ਉੱਪਰ ਯੁਧਿਸ਼ਟਰ ਨੂੰ ਇਸ ਕਰਕੇ ਸਵਰਗ ਜਾਣ ਤੋਂ ਰੋਕਿਆ ਜਾਂਦਾ ਹੈ ਕਿਉਂਕਿ ਉਹ ਆਪਣੇ ਨਾਲ ਆਪਣਾ ਵਫ਼ਾਦਾਰ ਕੁੱਤਾ ਵੀ ਲੈ ਕੇ ਜਾਣਾ ਚਾਹੁੰਦਾ ਸੀ। ਇਸ ਤਰ੍ਹਾਂ ਇਸ ਸੀਰੀਜ਼ ਵਿਚ ਜੋ ਸਭ ਤੋਂ ਵੱਧ ਖ਼ਤਰਨਾਕ ਹਤਿਆਰਾ ਹੈ, ਉਹ ਉਸ ਮੀਡੀਆ ਪ੍ਰਮੁੱਖ ਦਾ ਇਸ ਕਰਕੇ ਕਤਲ ਨਹੀਂ ਕਰਦਾ ਕਿਉਂਕਿ ਉਸ ਦੀ ਧਾਰਨਾ ਹੈ ਕਿ ਜੋ ਕੁੱਤੇ ਨੂੰ ਪਿਆਰ ਕਰਦਾ ਹੈ, ਉਹ ਆਦਮੀ ਬੁਰਾ ਨਹੀਂ ਹੋ ਸਕਦਾ।
ਸੀਰੀਜ਼ ਵਿਚ ਪੁਲੀਸ ਦੇ ਨਾਲ ਨਾਲ, ਸਿਆਸਤ, ਮੀਡੀਆ ਵਿਚ ਫੈਲੇ ਕਈ ਸਾਰੇ ਘਿਨੌਣੇ ਪ੍ਰਦੂਸ਼ਨਣਾਂ ਨੂੰ ਵੀ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਵੇਂ ਵੱਡੇ ਪੁਲੀਸ ਅਧਿਕਾਰੀ ਆਪਣੇ ਨਿੱਜੀ ਮਨੋਰਥਾਂ ਵਾਸਤੇ ਨਿੱਕੇ ਕਰਮਚਾਰੀਆਂ ਨੂੰ ਬਲੀ ਦਾ ਬਕਰਾ ਬਣਾਉਂਦੇ ਹਨ। ਕਿਵੇਂ ਟੀਵੀ ਵਾਲੇ ਆਪਣੇ ਚੈਨਲ ਦੀ ਟੀ. ਆਰ. ਪੀ. ਵਧਾਉਣ ਲਈ ਬਾਤ ਦਾ ਬਤੰਗੜ ਬਣਾਉਂਦੇ ਹਨ। ਕਿਵੇਂ ਸਿਆਸੀ ਨੇਤਾ ਆਪਣਾ ਉੱਲੂ ਸਿੱਧਾ ਕਰਨ ਲਈ ਨਿੱਕੇ ਨਿੱਕੇ ਅਪਰਾਧੀਆਂ ਨੂੰ ਵੱਡਾ ਤੇ ਖ਼ਤਰਨਾਕ ਅਪਰਾਧੀ ਬਣਾਉਣ ਵਿਚ ਆਪਣਾ ਅਹਿਮ ਕਿਰਦਾਰ ਨਿਭਾਉਂਦੇ ਹਨ।
ਇਸ ਵਿਚ ਕਾਬੂ ਕੀਤੇ ਜਾਂਦੇ ਚਾਰੋ ਹਮਲਾਵਰਾਂ ਦੇ ਪਿਛੋਕੜਾਂ ਦਾ ਚਿਤਰਣ ਬਹੁਤ ਉਮਦਾ ਹੈ। ਪੰਜਾਬ ਦੇ ਉੱਭਰਦੇ ਅਦਾਕਾਰ ਜਗਜੀਤ ਸੰਧੂ ਵੱਲੋਂ ਨਿਭਾਏ ਗਏ ਇਕ ਹਮਲਾਵਰ ਦੇ ਕਿਰਦਾਰ ਵਾਲਾ ਐਪੀਸੋਡ ਦਰਸ਼ਕਾਂ ਦੇ ਧਿਆਨ ਦੀ ਵਿਸ਼ੇਸ਼ ਮੰਗ ਕਰਦਾ ਹੈ। ਜਿਸ ਵਿਚ ਪੰਜਾਬ ਵਿਚ ਜਾਤਪਾਤ ਤੇ ਧਰਮ ਦੇ ਆਧਾਰ ਉੱਪਰ ਫੈਲੇ ਪ੍ਰਦੂਸ਼ਣ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਜਗਜੀਤ ਨੇ ਆਪਣੇ ਕਿਰਦਾਰ ਨਾਲ ਲਗਪਗ ਸੌ ਫੀਸਦੀ ਇਨਸਾਫ਼ ਕੀਤਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਲੀਸ ਮਹਿਕਮੇ ਵਿਚ ਜ਼ਿਆਦਾਤਰ ਗਾਲ੍ਹਾਂ ਵਾਲੀ ਭਾਸ਼ਾ ਬੋਲੀ ਜਾਂਦੀ ਹੈ, ਪਰ ਸੀਰੀਜ਼ ਵਿਚ ਲਗਪਗ ਹਰ ਕਿਰਦਾਰ ਦੇ ਮੂੰਹੋਂ ਗਾਲ੍ਹਾਂ ਜ਼ਬਰਦਸਤੀ ਕਢਾਈਆਂ ਗਈਆਂ ਲੱਗਦੀਆਂ ਹਨ, ਜੋ ਅਸਲੀ ਘੱਟ ਤੇ ਜਾਅਲੀ ਜ਼ਿਆਦਾ ਲੱਗਦੀਆਂ ਹਨ। ਇਸ ਤਰ੍ਹਾਂ ਦੀਆਂ ਸੀਰੀਜ਼ ਉੱਪਰ ਫਿਲਹਾਲ ਸੈਂਸਰ ਬੋਰਡ ਵਰਗੀ ਕੋਈ ਕੈਂਚੀ ਨਹੀਂ ਚੱਲਦੀ ਹੈ, ਪਰ ਇਸਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸੀਮਾ ਹੀ ਲੰਘ ਜਾਓ।
ਸੀਰੀਜ਼ ਦੀ ਪੇਸ਼ਕਾਰੀ ਬਹੁਤ ਵਧੀਆ ਤੇ ਉਮਦਾ ਹੈ। ਇਸ ਵਿਚ ਤਾਜ਼ਾਪਣ ਤਾਂ ਹੈ, ਪਰ ਇਸ ਵਰਗੇ ਵਿਸ਼ਿਆਂ ਤੇ ਮੁੱਦਿਆਂ ਨੂੰ ਲੈ ਕੇ ਪਹਿਲਾਂ ਵੀ ਕਈ ਸਾਰੀਆਂ ਸੀਰੀਜ਼ ਤੇ ਫ਼ਿਲਮਾਂ ਆ ਚੁੱਕੀਆਂ ਹਨ। ਹੋਰ ਵੀ ਬਹੁਤ ਸਾਰੇ ਸੰਵੇਦਨਸ਼ੀਲ ਤੇ ਬਲਦੇ ਮੁੱਦੇ ਤੇ ਵਿਸ਼ੇ ਹਨ ਜਿਨ੍ਹਾਂ ਬਾਰੇ ਵੀ ਸੀਰੀਜ਼ ਬਣਾਈਆਂ ਜਾਣੀਆਂ ਸਮੇਂ ਦੀ ਲੋੜ ਹਨ।
ਸੰਪਰਕ : 94171-73700