ਹਰਦੀਪ ਸਿੰਘ ਸੋਢੀ
ਧੂਰੀ, 9 ਅਪਰੈਲ
ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਜਿੱਥੇ ਪੂਰੇ ਦੇਸ਼ ਦੇ ਲੋਕਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਰਸੋਈ ਗੈਸ ਅਤੇ ਕਰਿਆਨੇ ਦੇ ਸਾਮਾਨ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਤੋਂ ਬਾਅਦ ਹੁਣ ਸਬਜ਼ੀਆਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਜੇਬ ਨੂੰ ਬੁਰੀ ਤਰਾਂ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਅੰਦਰ ਗਰਮੀ ਆਪਣੇ ਸਿਖਰਾਂ ’ਤੇ ਹੈ ਅਤੇ ਗਰਮੀ ਦੇ ਸੀਜ਼ਨ ਦੌਰਾਨ ਲੋਕ ਨਿੰਬੂ ਪਾਣੀ ਦੀ ਵਰਤੋਂ ਸਭ ਤੋਂ ਵੱਧ ਕਰਦੇ ਹਨ, ਪ੍ਰੰਤੂ ਇਸ ਬਾਰ ਨਿੰਬੂ ਦੀਆਂ ਕੀਮਤਾਂ ’ਚ ਹੋਏ ਅਥਾਹ ਵਾਧੇ ਤੋਂ ਬਾਅਦ ਹੁਣ ਨਿੰਬੂ ਪਾਣੀ ਪੀਣਾ ਵੀ ਹਰੇਕ ਦੀ ਪਹੁੰਚ ਤੋਂ ਬਾਹਰ ਹੁੰਦਾ ਦਿਖਾਈ ਦੇ ਰਿਹਾ ਹੈ। ਸਥਾਨਕ ਸਬਜ਼ੀ ਮੰਡੀ ਅੰਦਰ ਸਥਿਤ ਦੁਕਾਨਾਂ ’ਤੇ ਨਿੰਬੂ 250 ਰੁਪਏ ਕਿਲੋ ਹੋਣ ਕਾਰਨ ਲੋਕ ਗ੍ਰਾਮਾਂ ਅਤੇ ਗਿਣਤੀ ਦੇ ਹਿਸਾਬ ਨਾਲ ਨਿੰਬੂ ਖਰੀਦਦੇ ਦਿਖਾਈ ਦਿੱਤੇ। ਨਿੰਬੂ ਤੋਂ ਇਲਾਵਾ ਗਰਮੀ ਦੇ ਸੀਜ਼ਨ ਦੀਆਂ ਹੋਰਨਾਂ ਸਬਜ਼ੀਆਂ ਦੀਆਂ ਕੀਮਤਾਂ ਵੀ ਅਸਮਾਨੀ ਨੂੰ ਛੂਹ ਰਹੀਆਂ ਹਨ। ਸਥਾਨਕ ਸਬਜ਼ੀ ਮੰਡੀ ਦੇ ਕੀਤੇ ਗਏ ਦੌਰੇ ਦੌਰਾਨ ਭਿੰਡੀ 140 ਰੁਪਏ, ਟਿੰਡੇ 200 ਰੁਪਏ, ਕਰੇਲਾ 80 ਰੁਪਏ, ਤੋਰੀ 80 ਰੁਪਏ, ਛੋਲੀਆ 240 ਰੁਪਏ, ਟਮਾਟਰ 40 ਰੁਪਏ ਅਤੇ ਫੁੱਲ ਗੋਭੀ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਮੰਡੀ ਵਿਚ ਵਿਕ ਰਹੇ ਹਨ। ਅਜਿਹੇ ਹਾਲਾਤਾ ਵਿਚ ਆਮ ਵਿਅਕਤੀ ਲਈ ਰਸੋਈ ਦਾ ਖਰਚਾ ਚਲਾਉਣਾ ਬਹੁਤ ਔਖਾ ਹੋ ਗਿਆ ਹੈ। ਇਸ ਸਬੰਧੀ ਅਵਿਨਾਸ਼ ਕੌਰ ਸੋਢੀ, ਕੋਮਲ ਸਿੰਗਲਾ, ਗੁਰਚਰਨ ਕੌਰ, ਅਨੂ ਗੋਇਲ ਆਦਿ ਨੇ ਕਿਹਾ ਕਿ ਰਸੋਈ ਗੈਸ, ਕਰਿਆਣੇ ਦੇ ਸਾਮਾਨ ਅਤੇ ਫਲ-ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦੇ ਰਸੋਈ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮਹਿੰਗਾਈ ਨੂੰ ਨੱਥ ਪਾਉਣ ਲਈ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਨਿਰਧਾਰਿਤ ਕੀਤਾ ਜਾਵੇ।