ਪਵਨ ਕੁਮਾਰ ਵਰਮਾ
ਧੂਰੀ, 17 ਫਰਵਰੀ
ਨਗਰ ਕੌਂਸਲ ਧੂਰੀ ਦੇ 21 ਵਾਰਡਾਂ ਵਿੱਚ ਕੌਂਸਲਰ ਦੀਆਂ ਹੋਈਆਂ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਆਜ਼ਾਦ ਉਮੀਦਵਾਰਾਂ ਦਾ ਪੱਲੜਾ ਭਾਰੀ ਰਿਹਾ ਹੈ। ਜਾਣਕਾਰੀ ਅਨੁਸਾਰ ਧੂਰੀ ਦੇ ਵਾਰਡ ਨੰਬਰ 1 ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਬਲਜੀਤ ਕੌਰ ਨੇ 337 ਵੋਟਾਂ ਹਾਸਲ ਕਰਕੇ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਨੂੰ ਸਿਰਫ 20 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਪੁਸ਼ਪਿੰਦਰ ਸ਼ਰਮਾ ਨੇ 846 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਬਿਕਰਮ ਸਿੰਘ ਨੂੰ 252 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 3 ਤੋਂ ਕਾਂਗਰਸੀ ਉਮੀਦਵਾਰ ਸਰੋਜ ਰਾਣੀ ਨੇ ਵਿਰੋਧੀ ਆਜ਼ਾਦ ਉਮੀਦਵਾਰ ਕਿਰਨ ਸ਼ਰਮਾ ਨੂੰ ਸਿਰਫ 42 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 4 ਤੋਂ ਕਾਂਗਰਸੀ ਉਮੀਦਵਾਰ ਰਾਜੀਵ ਵਰਮਾ ਨੇ ਆਜ਼ਾਦ ਉਮੀਦਵਾਰ ਯੋਗਿਤਾ ਸ਼ਰਮਾ ਨੂੰ 390 ਵੋਟਾਂ ਦੇ ਫਰਕ ਨਾਲ, ਵਾਰਡ 5 ਤੋਂ ਕਾਂਗਰਸੀ ਅਨੂੰ ਧੀਰ ਨੇ ਆਜ਼ਾਦ ਪੂਜਾ ਜਿੰਦਲ ਨੂੰ 697 ਵੋਟਾਂ ਦੇ ਫਰਕ ਨਾਲ ,ਵਾਰਡ 6 ਤੋਂ ਆਜ਼ਾਦ ਉਮੀਦਵਾਰ ਅਸ਼ਵਨੀ ਕੁਮਾਰ ਮਿੱਠੂ ਨੇ ਵਿਰੋਧੀ ਆਜ਼ਾਦ ਉਮੀਦਵਾਰ ਵੇਦ ਪ੍ਰਕਾਸ਼ ਨੂੰ ਹਰਾਇਆ, ਵਾਰਡ ਨੰਬਰ 7 ਤੋਂ ਆਜ਼ਾਦ ਉਮੀਦਵਾਰ ਸੋਨੀਆ ਪਰੋਚਾ ਨੇ 553 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸੋਮਾ ਨੂੰ 158 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 8 ਤੋਂ ਆਜ਼ਾਦ ਉਮੀਦਵਾਰ ਅਜੈ ਕੁਮਾਰ ਪਰੋਚਾ ਨੇ 611 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਮੁਨੀਸ਼ ਵੈਦ ਨੂੰ 57 ਵੋਟਾਂ ਦੇ ਫਰਕ ਨਾਲ, ਵਾਰਡ 10 ਤੋਂ ਆਜ਼ਾਦ ਉਮੀਦਵਾਰ ਹਰੀ ਕਿਸ਼ਨ ਮਣੀ ਨੇ 378 ਵੋਟਾਂ ਲੈ ਕੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਬਖਸ਼ ਸਿੰਘ ਗੁੱਡੂ ਨੂੰ 37 ਵੋਟਾਂ ਦੇ ਫਰਕ ਨਾਲ ਹਰਾਇਆ। ਚੋਣਕਾਰ ਅਫਸਰ ਕਮ ਉਪ ਮੰਡਲ ਮੈਜਿਸਟਰੇਟ ਧੂਰੀ ਲਤੀਫ ਅਹਿਮਦ ਨੇ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਨਗਰ ਕੌਂਸਲ ਚੋਣਾਂ ਪੂਰੀ ਨਿਰਪੱਖਤਾ ਅਤੇ ਅਮਨ ਅਮਾਨ ਨਾਲ ਨੇਪਰੇ ਚੜਣ ਦਾ ਦਾਅਵਾ ਕੀਤਾ ਗਿਆ ਹੈ।
ਕਾਂਗਰਸ ’ਤੇ ਧੱਕੇਸ਼ਾਹੀ ਦਾ ਦੋਸ਼
ਰਾਜਪੁਰਾ (ਪੱਤਰ ਪ੍ਰੇਰਕ): ਵਾਰਡ ਨੰ. 22 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਅਵਤਾਰ ਸਿੰਘ ਹਰਪਾਲਪੁਰ ਨੇ ਦੋਸ਼ ਲਗਾਇਆ ਕਿ ਇਨ੍ਹਾਂ ਚੋਣਾਂ ਦੌਰਾਨ ਸੱਤਾਧਾਰੀ ਧਿਰ ਵੱਲੋਂ ਆਪਣੀ ਜਿੱਤ ਯਕੀਨੀ ਬਣਾਉਣ ਲਈ ਹਰ ਹੱਥਕੰਡਾ ਵਰਤਿਆ ਗਿਆ, ਜਿਸ ਨਾਲ ਲੋਕਤੰਤਰ ਦਾ ਘਾਣ ਹੋਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਆਗੂ ਦੀ ਸੱਤਾਧਾਰੀ ਧਿਰ ਦੇ ਮੁੱਖ ਆਗੂ ਨਾਲ ਮੇਲ ਮਿਲਾਪ ਦੇ ਸਿੱਟੇ ਵਜੋਂ ਪੁਰਾਣਾ ਰਾਜਪੁਰਾ ਦਾ ਇੱਕ ਅਜਿਹਾ ਵਾਰਡ ਹੈ, ਜਿੱਥੇ ਹਰ ਵਾਰ ਦੀ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਇੱਕੋ ਹੀ ਪਰਿਵਾਰ ਦਾ ਮੈਂਬਰ ਜਿੱਤਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੋਲਿੰਗ ਵਾਲੇ ਦਿਨ ਵਿਰੋਧੀ ਉਮੀਦਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਪੋਲਿੰਗ ਬੂਥਾਂ ਦੇ ਨੇੜੇ ਤੱਕ ਨਹੀਂ ਜਾਣ ਦਿੱਤਾ ਗਿਆ। ਜਦੋਂ ਕਿ ਸੱਤਾ ਧਿਰ ਨਾਲ ਜੁੜੇ ਲੋਕ ਸਟਾਫ ਨੂੰ ਚਾਹ, ਪਾਣੀ ਦੇਣ ਬਹਾਨੇ ਵਾਰ ਵਾਰ ਪੋਲਿੰਗ ਬੂਥ ਅੰਦਰ ਦਾਖਲ ਹੁੰਦੇ ਰਹੇ। ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਰਾਜ ਦੇ ਚੋਣ ਕਮਿਸ਼ਨ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ। ਦੋਸ਼ਾਂ ਨੂੰ ਨਕਾਰਦਿਆਂ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਨੇ ਆਖਿਆ ਕਿ ਵਿਰੋਧੀ ਧਿਰਾਂ ਦਾ ਰਾਜਪੁਰਾ ਵਿੱਚ ਕੋਈ ਵਜੂਦ ਨਹੀਂ। ਜਦੋਂ ਕਿ ਰਾਜਪੁਰਾ ਦੇ ਲੋਕਾਂ ਨੇ ਕਿਸੇ ਵਿਸ਼ੇਸ਼ ਵਿਅਕਤੀ ਨੂੰ ਨਹੀਂ ਸਗੋਂ ਵਿਕਾਸ ਦੇ ਆਧਾਰ ’ਤੇ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਫਤਵਾ ਦਿੱਤਾ ਹੈ।