ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਗਸਤ
ਆਜ਼ਾਦੀ ਦਿਵਸ ਤਹਿਤ ਇੱਥੇ ਪੋਲੋ ਗਰਾਊਂਡ ਵਿੱਚ ਹੋਣ ਵਾਲੇ ਸਮਾਗਮ ਲਈ ਦੋ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਖੁਦ ਐੱਸਐੱਸਪੀ ਦੀਪਕ ਪਾਰਿਕ ਕਰ ਰਹੇ ਹਨ। ਐੱਸਪੀ ਸਿਟੀ ਵਜ਼ੀਰ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਸਮੁੱਚੇ ਸ਼ਹਿਰ ’ਚ ਪੂਰੀ ਚੌਕਸੀ ਵਰਤੀ ਗਈ ਹੈ। ਇਸ ਸਮਾਗਮ ਤਹਿਤ ਹੀ ਕਈ ਦਿਨਾਂ ਤੋਂ ਸ਼ਹਿਰ ’ਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਜਿਸ ਦੌਰਾਨ ਨਸ਼ੀਲੇ ਪਦਾਰਥਾਂ ਅਤੇ ਚੋਰੀ ਦੇ ਵਾਹਨਾ ਸਮੇਤ ਹੋਰ ਇਤਰਾਜ਼ਯੋਗ ਵਸਤਾਂ ਵੀ ਬਰਾਮਦ ਕੀਤੀਆਂ ਗਈਆਂ।
ਇਸ ਦੌਰਾਨ ਪਟਿਆਲਾ ਵਿੱਚ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਦਾ ਕਰਨਗੇ। ਉੱਧਰ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਕਹਿਣਾ ਸੀ ਕਿ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਧੂਰੀ (ਹਰਦੀਪ ਸਿੰਘ ਸੋਢੀ): ਰੇਲਵੇ ਪਲੀਸ ਧੂਰੀ ਵੱਲੋਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਦੇ ਮਕਸਦ ਨਾਲ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਮੌਕੇ ਰੇਲਵੇ ਪੁਲੀਸ ਥਾਣਾ ਸੰਗਰੂਰ ਦੇ ਐੱਸਐੱਚਓ ਜਗਜੀਤ ਸਿੰਘ ਦੀ ਅਗਵਾਈ ਹੇਠ ਰੇਲਵੇ ਪੁਲੀਸ ਅਤੇ ਆਰਪੀਐੱਫ਼ ਵੱਲੋਂ ਸਾਂਝੇ ਤੌਰ ’ਤੇ ਜਿੱਥੇ ਧੂਰੀ ਰੇਲਵੇ ਸਟੇਸ਼ਨ ’ਤੇ ਵੱਖ-ਵੱਖ ਸਵਾਰੀ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਗਈ, ਉੱਥੇ ਸਟੇਸ਼ਨ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਯਾਤਰੂਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ। ਐੱਸਐੱਚਓ ਜਗਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੁਰਘਟਨਾ ਤੋਂ ਬਚਣ ਲਈ ਕਿਸੇ ਵੀ ਲਾਵਾਰਿਸ ਚੀਜ਼ ਨੂੰ ਨਾ ਛੇੜਿਆ ਜਾਵੇ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਲਹਿਰਾਗਾਗਾ ਪੁਲੀਸ ਨੇ ਬਾਜ਼ਾਰ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਸਦਰ ਪੁਲੀਸ, ਸਿਟੀ ਪੁਲੀਸ, ਜੇਲ੍ਹ ਪੋਸਟ ਤੇ ਰੇਲਵੇ ਪੁਲੀਸ ਚੌਕੀ ਦੇ ਗੇਲਾ ਸਿੰਘ ਦੀ ਅਗਵਾਈ ਹੇਠ ਰੇਲਵੇ ਪੁਲੀਸ ਅਤੇ ਆਰਪੀਐਫ਼ ਕਰਮਚਾਰੀਆਂ ਵੱਲੋਂ ਬੱਸਾਂ ਤੇ ਸਟੇਸ਼ਨ ’ਤੇ ਰੇਲਗੱਡੀਆਂ ਦੀ ਚੈਕਿੰਗ ਕੀਤੀ ਗਈ। ਐੱਸਐੱਚਓ ਜਤਿੰਦਰ ਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੁਰਘਟਨਾ ਤੋਂ ਬਚਣ ਲਈ ਕਿਸੇ ਵੀ ਲਾਵਾਰਿਸ ਚੀਜ਼ ਨੂੰ ਨਾ ਛੇੜਿਆ ਜਾਵੇ। ਇਸ ਮੌਕੇ ਚੌਕੀ ਸਿਟੀ ਦੇ ਇੰਚਾਰਜ ਜਾਗਰ ਸਿੰਘ ਅਤੇ ਸਹਾਇਕ ਥਾਣੇਦਾਰ ਭਰਵਿੰਦਰ ਸਿੰਘ ਤੇ ਸਾਰੇ ਸਹਾਇਕ ਥਾਣੇਦਾਰ ਹਾਜ਼ਰ ਸਨ।
ਮੀਂਹ ਨੇ ਗਿੱਲਾ ਕੀਤਾ ਪੋਲੋ ਗਰਾਊਂਡ
ਇੱਥੇ ਦੇਰ ਸ਼ਾਮ ਮੀਂਹ ਪੈਣ ਕਾਰਨ ਜ਼ਿਲ੍ਹੇ ਦੇ ਮੁੱਖ ਸਮਾਗਮ ’ਤੇ ਆਧਾਰਤ ਪੋਲੋ ਗਰਾਊਂਡ ਵਾਲਾ ਇਲਾਕਾ ਵੀ ਗਿੱਲਾ ਹੋ ਗਿਆ ਹੈ ਜਿਸ ਦੌਰਾਨ ਕੁਝ ਖੇਤਰਾਂ ’ਚ ਪਾਣੀ ਵੀ ਖੜ੍ਹ ਗਿਆ ਸੀ ਜਿਸ ਦੀ ਨਿਕਾਸੀ ਲਈ ਨਗਰ ਨਿਗਮ ਦੀਆਂ ਟੀਮਾਂ ਤੁਰੰਤ ਹੀ ਸਰਗਰਮ ਹੋ ਗਈਆਂ ਸਨ।
ਪੁਲੀਸ ਵੱਲੋਂ ਚੀਮਾ ਮੰਡੀ ’ਚ ਵਿੱਚ ਫਲੈਗ ਮਾਰਚ
ਚੀਮਾ ਮੰਡੀ (ਜਸਵੰਤ ਸਿੰਘ ਗਰੇਵਾਲ): ਸੁਨਾਮ ਦੇ ਡੀਐੱਸਪੀ ਭਰਪੂਰ ਸਿੰਘ ਤੇ ਚੀਮਾ ਥਾਣਾ ਦੇ ਮੁਖੀ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਇਲਾਕੇ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਪੰਜਾਬ ਪੁਲੀਸ ਦੇ ਜਵਾਨਾਂ ਤੋਂ ਇਲਾਵਾ ਬੀਐੱਸਐੱਫ ਦੇ ਜਵਾਨ ਵੀ ਸ਼ਾਮਲ ਸਨ। ਚੀਮਾ ਥਾਣਾ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਫਲੈਗ ਮਾਰਚ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਕੱਢਿਆ ਗਿਆ ਹੈ।