ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਗਸਤ
ਇੱਥੇ ਅੱਜ ਜ਼ਿਲ੍ਹਾ ਪੁਲੀਸ ਵੱਲੋਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਨੀਮ ਫ਼ੌਜੀ ਬਲ ਦੇ ਜਵਾਨਾਂ ਸਮੇਤ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ ਅਤੇ ਲੋਕਾਂ ਵਿੱਚ ਸੁਰੱਖਿਆ ਤੇ ਅਮਨ ਕਾਨੂੰਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਗਿਆ। ਫਲੈਗ ਮਾਰਚ ਦੀ ਅਗਵਾਈ ਐੱਸਐੱਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਕੀਤੀ।
ਸਥਾਨਕ ਭਗਵਾਨ ਮਹਾਵੀਰ ਚੌਕ ਤੋਂ ਸ਼ੁਰੂ ਹੋਇਆ ਇਹ ਫਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਲੰਘਿਆ। ਇਸ ਮੌਕੇ ਐੱਸਐੱਸਪੀ ਸ੍ਰੀ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਸੰਗਰੂਰ ਤੋਂ ਇਲਾਵਾ ਵੱਖ-ਵੱਖ ਸਬ ਡਿਵੀਜ਼ਨਾਂ ਵਿੱਚ ਵੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਸਮੇਤ ਫਲੈਗ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜ਼ਿਲ੍ਹੇ ਵਿਚਲੇ ਹੋਟਲਾਂ, ਰੈਸਟੋਰੈਂਟਾਂ, ਧਰਮਸ਼ਾਲਾਵਾਂ ਤੇ ਹੋਰ ਜਨਤਕ ਥਾਵਾਂ ’ਤੇ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਪੁਲੀਸ ਵੱਲੋਂ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਕਿਹਾ ਕਿ ਬਾਜ਼ਾਰਾਂ ’ਚ ਫਲੈਗ ਮਾਰਚ ਦਾ ਮਕਸਦ ਲੋਕਾਂ ਵਿੱਚ ਇਹ ਭਾਵਨਾ ਪੈਦਾ ਕਰਨਾ ਹੈ ਕਿ ਪੁਲੀਸ ਉਨ੍ਹਾਂ ਦੀ ਹਿਫਾਜ਼ਤ ਲਈ ਮੁਸ਼ਤੈਦ ਹੈ ਅਤੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਆਲੇ-ਦੁਆਲੇ ਪੂਰੀ ਚੌਕਸੀ ਰੱਖਣ।
ਐੱਸਐੱਸਪੀ ਨੇ ਝੁੱਗੀ-ਝੋਪੜੀਆਂ ਵਾਲੇ ਬੱਚਿਆਂ ਨਾਲ ਮਨਾਇਆ ਰੱਖੜੀ ਦਾ ਤਿਓਹਾਰ
ਸੰਗਰੂਰ: ਸੰਗਰੂਰ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਰੱਖੜੀ ਦਾ ਤਿਉਹਾਰ ਆਪਣੇ ਦਫ਼ਤਰ ਵਿੱਚ ਝੁੱਗੀ- ਝੋਪੜੀਆਂ ’ਚ ਰਹਿੰਦੇ ਪਰਿਵਾਰਾਂ ਦੇ ਬੱਚਿਆਂ ਨਾਲ ਮਨਾਇਆ। ਬੱਚੀਆਂ ਵੱਲੋਂ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਗੁੱਟ ’ਤੇ ਰੱਖੜੀਆਂ ਬੰਨ੍ਹੀਆਂ ਗਈਆਂ। ਸ੍ਰੀ ਸਿੱਧੂ ਨੇ ਬੱਚਿਆਂ ਲਈ ਮਠਿਆਈ ਅਤੇ ਦੁੱਧ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਖੁਦ ਨਾਲ ਬੈਠ ਕੇ ਬੱਚਿਆਂ ਨਾਲ ਮਠਿਆਈ ਖਾਧੀ। ਉਪਰੰਤ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਝੁੱਗੀ ਝੌਂਪੜੀ ’ਚ ਪਰਿਵਾਰਾਂ ਦੀਆਂ ਕਰੀਬ 35 ਬੱਚੀਆਂ ਨੂੰ ਖੁਦ ਆਪਣੇ ਨਾਲ ਬਾਜ਼ਾਰ ਲੈ ਕੇ ਗਏ ਤੇ ਸਾਰੀਆਂ ਬੱਚੀਆਂ ਨੂੰ ਨਵੇਂ ਕੱਪੜੇ ਖਰੀਦ ਕੇ ਦਿੱਤੇ।