ਪੱਤਰ ਪ੍ਰੇਰਕ
ਦੇਵੀਗੜ੍ਹ, 13 ਅਗਸਤ
ਇੱਥੇ ਟੈਗੋਰ ਇੰਟਰਨੈਸ਼ਨਲ ਸਕੂਲ, ਅਕਬਰਪੁਰ ਅਫਗਾਨਾ ਵਿੱਚ ਭਾਰਤ ਦਾ 75ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ, ਮਹਾਤਮਾ ਗਾਂਧੀ ਵਾਂਗ ਪੁਸ਼ਾਕਾਂ ਅਤੇ ਕੱਪੜੇ ਪਾ ਕੇ ਵੱਖ ਵੱਖ ਤਰ੍ਹਾਂ ਦੇ ਨਾਟਕੀ ਦ੍ਰਿਸ਼ ਪੇਸ਼ ਕੀਤੇ। ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਕੌਂਸਲਰ ਸਲੋਨੀ ਗੁਲਾਟੀ ਅਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਸਾਰੇ ਬੱਚਿਆਂ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਸੇ ਦੌਰਾਨ ਇੱਥੇ ਜੱਜ ਮਾਡਰਨ ਸੀਨੀਅਰ ਸਕੈਂਡਰੀ ਸਕੂਲ ਛੰਨਾ ਮੋੜ ਵਿੱਚ ਸੁਤੰਤਰਤਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੰਤੋਖ ਸਿੰਘ ਵਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਨਵਤੇਜ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ। ਇਸੇ ਦੌਰਾਨ ਡਾ. ਬੀਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ, ਜੁਲਾਹਖੇੜੀ ਵਿੱਚ 75ਵਾਂ ਅਜ਼ਾਦੀ ਦਿਹਾੜਾ ਮਨਾਇਆ ਗਿਆ, ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ।
ਅਮਰਗੜ੍ਹ (ਪੱਤਰ ਪ੍ਰੇਰਕ): ਪਾਇਨੀਅਰ ਸਕੂਲ ਗੱਜਣਮਾਜਰਾ ਵਿੱਚ ਆਜ਼ਾਦੀ ਦਿਵਸ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਦੀ ਦੇਖ ਰੇਖ ਹੇਠ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਸਾਰਾ ਸਕੂਲ ਰਾਸ਼ਟਰੀ ਰੰਗ ਵਿਚ ਰੰਗਿਆ ਹੋਇਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ। ਵਿਦਿਆਰਥੀਆਂ ਨੇ ਦੇਸ਼ ਪ੍ਰੇਮ ਦੇ ਗੀਤ, ਸਕਿੱਟਾਂ ਤੇ ਨਾਟਕ ਪੇਸ਼ ਕੀਤੇ । ਇਸ ਮੌਕੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣ ਅਤੇ ਸ਼ਹੀਦਾਂ ਦੇ ਪਾਏ ਪੂਰਨਿਆ ’ਤੇ ਚੱਲਣ ਦੀ ਅਪੀਲ ਕੀਤੀ।
ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਰੈਲੀ ਕੱਢੀ
ਅਮਰਗੜ੍ਹ (ਪੱਤਰ ਪ੍ਰੇਰਕ ): ਸਰਕਾਰੀ ਕਾਲਜ ਵਿੱਚ ਪ੍ਰਿੰਸੀਪਲ ਪ੍ਰੋ. ਮੀਨੂੰ ਦੀ ਅਗਵਾਈ ਹੇਠ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਐੱਨ ਐੱਸ ਐੱਸ ਵਿਭਾਗ ਵੱਲੋਂ ਰੈਲੀ ਕੱਢੀ ਗਈ। ਪ੍ਰੋਗਰਾਮ ਅਫ਼ਸਰ ਡਾ. ਕਮਲਜੀਤ ਸਿੰਘ ਤੇ ਪ੍ਰੋ. ਬਲਜੀਤ ਕੌਰ ਦੀ ਅਗਵਾਈ ਹੇਠ ਕੱਢੀ ਰੈਲੀ ਵਿੱਚ ਹਰ ਘਰ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ‘ਏਕ ਭਾਰਤ ਸ੍ਰੇਸ਼ਟ ਭਾਰਤ’ ਮੁਹਿੰਮ ਤਹਿਤ ਗੋਸ਼ਠੀ ਵੀ ਕਰਵਾਈ ਗਈ ਜਿਸਦਾ ਥੀਮ ਵੀ ਹਰ ਘਰ ਤਿਰੰਗਾ ਹੀ ਰਿਹਾ। ਇਸ ਮੌਕੇ ਸਾਰੇ ਸਟਾਫ਼ ਮੈਂਬਰ ਹਾਜ਼ਰ ਸਨ।