ਕਰਮਵੀਰ ਸਿੰਘ ਸੈਣੀ
ਮੂਨਕ, 4 ਜੁਲਾਈ
ਗਊਸ਼ਾਲਾ ਦੀ ਜ਼ਮੀਨ ਦਾ ਮਾਮਲਾ ਭਖ਼ਦਾ ਜਾ ਰਿਹਾ ਹੈ। ਅੱਜ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਪਾਤੜਾਂ ਰੋਡ ’ਤੇ ਗਊਸ਼ਾਲਾ ਦੇ ਸਾਹਮਣੇ ਗਾਵਾਂ ਰੋਡ ਦੇ ਉੱਪਰ ਖੜ੍ਹੀਆਂ ਕਰਕੇ ਅਣਮਿਥੇ ਸਮੇਂ ਲਈ ਧਰਨਾ ਲਾਇਆ। ਇਸ ਦੌਰਾਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਰਹੇ। ਬੁਲਾਰਿਆਂ ਨੇ ਕਿਹਾ ਕਿ ਉਹ ਗਊਸ਼ਾਲਾ ਦੀ ਜ਼ਮੀਨ ਕਿਸੇ ਹੋਰ ਕੋਲ ਨਹੀਂ ਜਾਣ ਦੇਣਗੇ ਕਿਉਂਕਿ ਉਨ੍ਹਾਂ ਕੋਲ ਗਾਵਾਂ ਦਾ ਢਿੱਡ ਭਰਨ ਲਈ ਇਹ ਜ਼ਮੀਨ ਹਰੇ ਚਾਰੇ ਦਾ ਇੱਕ ਮਾਤਰ ਸਾਧਨ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਗੋਬਿੰਦਪੁਰਾ ਪਾਪੜਾ ਵੱਲੋਂ ਦਿੱਤੀ ਗਈ ਗਊ ਚਰਾਂਦ ਦੀ ਜ਼ਮੀਨ ਦੀ ਬੋਲੀ ਰੱਦ ਨਾ ਕੀਤੀ ਗਈ ਤਾਂ ਧਰਨਾ ਲਗਾਤਾਰ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਧਰਨੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਲਈ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ ਕਿਉਂਕਿ ਸਰਕਾਰ ਗਊਸੈੱਸ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਜ਼ਮੀਨ ਗਊਸ਼ਾਲਾ ਨੂੰ ਨਾ ਦਿੱਤੀ ਗਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਤੇ ਚੰਡੀਗੜ੍ਹ ਰਿਹਾਇਸ਼ ਅੱਗੇ ਗਾਵਾਂ ਛੱਡੀਆਂ ਜਾਣਗੀਆਂ। ਧਰਨੇ ਨੂੰ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਗੋਇਲ, ਪ੍ਰੇਮ ਬੋਲਾ, ਗੁਲਜਾਰੀ ਮੂਨਕ, ਕੇਵਲ ਕ੍ਰਿਸ਼ਨ ਸਿੰਗਲਾ, ਰੋਮੀ ਜੈਨ, ਕਾਲਾ ਸਿੰਘ, ਰੇਖਾ ਰਾਣੀ, ਲਕਸ਼ਮੀ ਰਾਣੀ ਨੇ ਸੰਬੋਧਨ ਕੀਤਾ।
ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਵਾਂਗਾ ਮਾਮਲਾ: ਤਹਿਸੀਲਦਾਰ
ਇਸ ਦੌਰਾਨ ਤਹਿਸੀਲਦਾਰ ਮੂਨਕ ਪਰਵੀਨ ਸਿੰਗਲਾ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਦਾ ਪੱਖ ਸੁਣਿਆ ਅਤੇ ਭਰੋਸਾ ਦਿੰਦਿਆਂ ਕਿਹਾ ਕਿ ਧਰਨਾਕਾਰੀਆਂ ਦਾ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।