ਪੱਤਰ ਪ੍ਰੇਰਕ
ਲਹਿਰਾਗਾਗਾ, 21 ਅਕਤੂਬਰ
ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਆਖਰੀ ਪਿੰਡ ਚੂੁੜਲ ਖੁਰਦ ’ਚ ਵਿਧਾਇਕ ਬਰਿੰਦਰ ਗੋਇਲ ਨੇ ਅੱਜ ਖਰੀਦ ਕੇਂਦਰ ਦਾ ਉਦਘਾਟਨ ਕੀਤਾ। ਇਸ ਦੌਰਾਨ ਸ੍ਰੀ ਗੋਇਲ ਨੇ ਕਿਹਾ ਕਿ ਇਥੋ ਹਰਿਆਣਾ ਦੀ ਜਾਖਲ ਮੰਡੀ ਇੱਕ ਕਿਲੋਮੀਟਰ ਦੂਰ ਹੋਣ ਕਰਕੇ ਪੰਜਾਬ ਦੇ ਨਾਲ ਖਹਿੰਦੀ ਹੈ। ਪੰਜਾਬ ਦੇ ਕਿਸਾਨਾਂ ਨੂੰ ਆਪਣੀ ਜਿਣਸ ਹਰਿਆਣਾ ’ਚ ਵੇਚਣ ਸਮੇਂ ਕਾਫ਼ੀ ਦਿੱਕਤ ਆਉਦੀ ਸੀ, ਪਰ ਹੁਣ ਉਨ੍ਹਾਂ ਦੀ ਇਹ ਮੁਸ਼ਕਿਲ ਦੂਰ ਹੋ ਗਈ ਹੈ। ਇਸ ਮੌਕੇ ਉਨ੍ਹਾਂ ਨੇ ਮੰਡੀਆਂ ਵਿਚ ਕਿਸਾਨਾਂ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਜਾਣਕਾਰੀ ਮੁਤਾਬਿਕ ਇਸ ਦੌਰਾਨ ਉਨ੍ਹਾਂ ਨੇ ਮਾਰਕਫੈੱਡ ਰਾਹੀਂ ਝੋਨੇ ਦੀ ਖਰੀਦ ਵੀ ਸ਼ੁਰੂ ਕਰਵਾਈ, ਜਿਸ ਲਈ ਕਿਸਾਨਾਂ ਤੇ ਆੜ੍ਹਤੀਆਂ ਨੇ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ। ਇਹ ਮੰਡੀ ਚਾਲੂ ਹੋਣ ਨਾਲ ਸਰਕਾਰ, ਮਾਰਕੀਟ ਕਮੇਟੀ ਤੇ ਟਰੱਕ ਯੂਨੀਅਨ ਨੂੰ ਆਰਥਿਕ ਮਦਦ ਮਿਲੇਗੀ।