ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਅਕਤੂਬਰ
ਨੇੜਲੇ ਪਿੰਡ ਆਲਮਪੁਰ ਦੇ ਸ਼ਹੀਦ ਮਨਦੀਪ ਸਿੰਘ ਦੀ ਯਾਦ ’ਚ ਬਣਨ ਵਾਲੇ ਸਰਕਾਰੀ ਮਿਡਲ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਪਿੰਡ ਦੀ ਸਰਪੰਚ ਹਮੀਰ ਕੌਰ ਅਤੇ ਸਮਾਜ ਸੇਵੀ ਨੌਜਵਾਨ ਦਲਵਿੰਦਰ ਸਿੰਘ ਨੇ ਕੀਤਾ। ਇਸ ਸਮਾਗਮ ਦੀ ਮੁੱਖ ਮਹਿਮਾਨ ਮੁੱਖ ਅਧਿਆਪਕਾ ਗੀਤਾ ਰਾਣੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ’ਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸਰਪੰਚ ਹਮੀਰ ਕੌਰ ਨੇ ਸਟਾਫ ਅਤੇ ਸਕੂਲ ਕਮੇਟੀ ਵੱਲੋਂ ਬਿਨਾਂ ਕਿਸੇ ਸਰਕਾਰੀ ਗਰਾਂਟ ਤੋਂ ਡੇਢ ਦੋ ਲੱਖ ਰੁਪਏ ਦੀ ਲਾਗਤ ਨਾਲ਼ ਬਣਾਏ ਚਿਲਡਰ ਪਾਰਕ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਸਾਰੇ ਅਧਿਆਪਕ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਸਕੂਲ ਦੀ ਮੁਖੀ ਗੀਤਾ ਰਾਣੀ ਨੂੰ ਸਨਮਾਨਿਤ ਕੀਤਾ। ਮੈਡਮ ਵੱਲੋਂ ਇਸ ਦਾ ਸਿਹਰਾ ਆਪਣੇ ਸਟਾਫ ਈਟੀਟੀ ਅਧਿਆਪਕ ਸਤੀਸ਼ ਕੁਮਾਰ (ਕੁਲਰੀਆਂ) ਰਮਨਦੀਪ ਸਿੰਘ ਅਤੇ ਸੀਮਾ ਰਾਣੀ ਨੂੰ ਦਿੱਤਾ, ਜੋ ਪੂਰੇ ਅਧਿਆਪਕ ਵਰਗ ਲਈ ਮਾਣ ਵਾਲੀ ਗੱਲ ਹੈ।