ਪੱਤਰ ਪ੍ਰੇਰਕ
ਲਹਿਰਾਗਾਗਾ, 15 ਜੁਲਾਈ
ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਵੱਲੋਂ ਪਰਾਲੀ ਤੋਂ ਸੀਐੱਨਜੀ ਬਣਾਉਣ ਵਾਲੀ ਫ਼ੈਕਟਰੀ ਵਰਬੀਓ ਨੂੰ 1100 ਕਿਲੋਵਾਟ ਦੀ ਸਿੱਧੀ ਬਿਜਲੀ ਸਪਲਾਈ ਲਾਈਨ ਦੇਣ ਦਾ ਉਦਘਾਟਨ ਕੀਤਾ ਗਿਆ। ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਜਰਮਨ ਦੀ ਇਸ ਕੰਪਨੀ ਨੇ ਹਲਕੇ ’ਚ ਫ਼ੈਕਟਰੀ ਲਗਾਉਣ ਲਈ ਕਰੀਬ 250 ਕਰੋੜ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ ਜਿੱਥੇ ਪਰਾਲੀ ਦੇ ਨਿਪਟਾਰੇ ਦੀ ਸਮੱਸਿਆ ਹੱਲ ਹੋ ਰਹੀ ਹੈ, ਉੱਥੇ ਹੀ ਵੱਡੀ ਗਿਣਤੀ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੁਜ਼ਗਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਬਿਜਲੀ ਕੁਨੈਕਸ਼ਨ ਹੋਣ ਕਾਰਨ ਇਸ ਦੀ ਕਾਰਜ ਸਮਰੱਥਾ ਘੱਟ ਸੀ ਅਤੇ ਹੁਣ ਨਿਰਵਿਘਨ ਬਿਜਲੀ ਸਪਲਾਈ ਨਾਲ ਫ਼ੈਕਟਰੀ ਦੀ ਕਾਰਜ ਸਮਰੱਥਾ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਪਰਾਲੀ ਦੇ ਨਿਪਟਾਰੇ ਦਾ ਬਦਲਾਅ ਨਾ ਹੋਣ ਕਾਰਨ ਉਹ ਪਰਾਲੀ ਨੂੰ ਅੱਗ ਲਗਾਉਂਦੇ ਸੀ ਪਰ ਹੁਣ ਇਸ ਫ਼ੈਕਟਰੀ ਦੇ ਵੱਡੇ ਪੱਧਰ ’ਤੇ ਕਾਰਜਸ਼ੀਲ ਹੋਣ ਨਾਲ ਇਸ ਸਮੱਸਿਆ ਦਾ ਹੱਲ ਸੰਭਵ ਹੋਵੇਗਾ।