ਮਾਨਵਜੋਤ
ਡਕਾਲਾ, 19 ਦਸੰਬਰ
ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਵੱਲੋਂ ਡਕਾਲਾ ਸਰਕਲ ਦੇ ਪਿੰਡ ਰਾਮਗੜ੍ਹ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਪੰਜਾਬ ਸਰਕਾਰ ਦੀ ਕਰਜ਼ੀ ਮੁਆਫੀ ਸਕੀਮ ਤਹਿਤ ਕੋਆਪ੍ਰੇਟਿਵ ਸੁਸਾਇਟੀ ਦੇ 114 ਮੈਬਰਾਂ ਨੂੰ 14.75 ਲੱਖ ਦੇ ਚੈੱਕ ਵੰਡੇ ਅਤੇ ਗ੍ਰਾਮ ਪੰਚਾਇਤ ਵੱਲੋਂ 53 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਰਹਿਨੁਮਾਈ ਹੇਠ ਬੋਰਡ ਵੱਲੋਂ ਕਰੋੜਾਂ ਰੁਪਏ ਹਲਕਾ ਸਮਾਣਾ ਦੀਆਂ ਸੜਕਾਂ ਤੇ ਪਿੰਡਾਂ ਦੀਆਂ ਫਿਰਨੀਆਂ ’ਤੇ ਖਰਚ ਕੀਤੇ ਜਾ ਰਹੇ ਹਨ, ਜਿਸ ਨਾਲ ਨਵੀਆਂ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਉਨ੍ਹਾਂ ਆਖਿਆ ਕਿ ਪਿੰਡ ਰਾਮਗੜ੍ਹ ਵਿੱਚ ਕਮਿਊਨਿਟੀ ਸ਼ੈੱਡ ਬਣਾਉਣ, ਸਕੂਲ ਦਾ ਕੰਮ, ਪੀਣ ਵਾਲੇ ਪਾਣੀ ਸਣੇ ਹੋਰਨਾਂ ਕੰਮਾਂ ’ਤੇ 53 ਲੱਖ ਰੁਪਏ ਖਰਚ ਕੀਤੇ ਗਏ ਹਨ ਤੇ ਮੰਡੀ ਬੋਰਡ ਵੱਲੋਂ ਵੀ 1 ਕਰੋੜ 37 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਮੇਜਰ ਸਿੰਘ ਰਾਮਗੜ੍ਹ, ਸਰਪੰਚ ਦਵਿੰਦਰ ਸਿੰਘ, ਬਲਾਕ ਸੰਮਤੀ ਪਟਿਆਲਾ ਦੇ ਚੇਅਰਮੈਨ ਤਰਸੇਮ ਸਿੰਘ ਝੰਡੀ, ਮਾਰਕੀਟ ਕਮੇਟੀ ਡਕਾਲਾ ਦੇ ਉਪ ਚੇਅਰਮੈਨ ਡਾ. ਰਾਜਕੁਮਾਰ ਡਕਾਲਾ, ਪੰਚਾਇਤ ਯੂਨੀਅਨ ਪਟਿਆਲਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਧਨੌਰੀ ਵੀ ਮੌਜੂਦ ਸਨ।