ਬੀਰਬਲ ਰਿਸ਼ੀ
ਸ਼ੇਰਪੁਰ, 25 ਜੂਨ
ਪਿੰਡ ਈਨਾਬਾਜਵਾ ਵਿੱਚ ਪੰਚਾਇਤੀ ਜ਼ਮੀਨ ਦੀਆਂ ਚਾਰ ਬੋਲੀਆਂ ਰੱਦ ਹੋਣ ਮਗਰੋਂ ਨੇਪਰੇ ਚੜ੍ਹੀ ਪੰਜਵੀਂ ਬੋਲੀ ਵੀ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਈ ਜਦੋਂ ਅੱਜ ਬਾਅਦ ਦੁਪਹਿਰ ਪਿੰਡ ਦੇ ਹੀ ਤਿੰਨ ਵਿਅਕਤੀ ਬੋਲੀ ਰੱਦ ਕਰਵਾਉਣ ਦੀ ਮੰਗ ਲਈ ਪਿੰਡ ਦੇ ਮੋਬਾਈਲ ਟਾਵਰ ’ਤੇ ਚੜ੍ਹ ਗਏ।
ਟਾਵਰ ’ਤੇ ਚੜ੍ਹੇ ਬਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਹਰਜੀਤ ਸਿੰਘ ਜੋ ਅਲੱਗ-ਅਲੱਗ ਥਾਵਾਂ ’ਤੇ ਪੰਚਾਇਤੀ ਟੱਕ ਵਾਹੁੰਦੇ ਆ ਰਹੇ ਹਨ, ਨੇ ਬੋਲੀ ਪ੍ਰਕਿਰਿਆ ’ਤੇ ਸੁਆਲ ਉਠਾਏ। ਟਵਾਰ ਤੋਂ ਮੋਬਾਈਲ ‘ਤੇ ਗੱਲ ਕਰਦਿਆਂ ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਕਾਫ਼ੀ ਸਮੇਂ ਤੋਂ ਠੇਕੇ ’ਤੇ ਵਾਹੁੰਦੇ ਆ ਰਹੇ ਹਨ ਪਰ ਇਸ ਵਾਰ ਪਿੰਡ ਦੀ ਸਰਪੰਚ ਤੇ ਪੰਚਾਇਤੀ ਨੁਮਾਇੰਦਿਆਂ ਨੇ ਕਥਿਤ ਤੌਰ ’ਤੇ ਆਪਣਾ ਗੁਪਤ ਹਿੱਸਾ ਰੱਖ ਕੇ ਪਿੰਡ ਦੇ ਇੱਕ ਹੋਰ ਵਿਅਕਤੀ ਦੇ ਨਾਮ ਬੋਲੀ ਤੋੜ ਦਿੱਤੀ ਜਦੋਂ ਕਿ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਉਨ੍ਹਾਂ ਬੋਲੀ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਵਿਭਾਗ ਜੇਕਰ ਮੁੜ ਬੋਲੀ ਕਰੇ ਤਾਂ ਉਹ ਬੋਲੀ ਦੇਣਗੇ ਜਿਸ ਦਾ ਫਾਇਦਾ ਪੰਚਾਇਤ ਵਿਭਾਗ ਨੂੰ ਹੋਵੇਗਾ।
ਉੱਧਰ ਪਿੰਡ ਦੀ ਸਰਪੰਚ ਬੀਬੀ ਮਨਪ੍ਰੀਤ ਕੌਰ ਅਤੇ ਉਸ ਦੇ ਪਤੀ ਕੁਲਦੀਪ ਸਿੰਘ ਨੇ ਦੋਸ਼ ਨਕਾਰਦਿਆਂ ਦੱਸਿਆ ਕਿ ਆਪਣੇ ਜੱਦੀ ਖੇਤ ਨਾਲ ਲੱਗਦਾ ਜਿਹੜਾ ਟੱਕ ਬਲਵਿੰਦਰ ਸਿੰਘ ਕਾਫ਼ੀ ਸਮੇਂ ਤੋਂ ਵਾਹੁੰਦਾ ਆ ਰਿਹਾ ਹੈ, ਉਸ ਜ਼ਮੀਨ ਨੂੰ ਕਿਸੇ ਪਾਸਿਓਂ ਰਸਤਾ ਨਹੀਂ ਜਿਸ ਕਰਕੇ ਉਹ ਛੇ ਏਕੜ ਜ਼ਮੀਨ ਪਿਛਲੀ ਵਾਰ ਤੋਂ ਘਟਾ ਕੇ ਮਹਿਜ਼ ਡੇਢ ਲੱਖ ਵਿੱਚ ਲੈਣੀ ਚਾਹੁੰਦਾ ਸੀ ਜਦੋਂ ਕਿ ਜਿਹੜੇ ਵਿਅਕਤੀ ਦੇ ਨਾਮ ਬੋਲੀ ਟੁੱਟੀ ਹੈ ਉਸ ਨੇ ਇਹ ਜ਼ਮੀਨ ਲਈ ਤਕਰੀਬਨ ਦੋ ਲੱਖ ਦੀ ਰਾਸ਼ੀ ਭਰੀ ਹੈ। ਬੀਡੀਪੀਓ ਸ਼ੇਰਪੁਰ ਦੀ ਹਾਜ਼ਰੀ ’ਚ ਹੋਈ ਬੋਲੀ ਮਗਰੋਂ ਜਿਉਂ ਹੀ ਬੋਲੀਕਾਰ ਨੇ ਟਰੈਕਟਰ ਖੇਤ ਵਿੱਚ ਵਾੜਿਆ ਤਾਂ ਇਹ ਟਾਵਰ ’ਤੇ ਜਾ ਚੜ੍ਹੇ।
ਬੀਡੀਪੀਓ ਜੁਗਰਾਜ ਸਿੰਘ ਗੁੰਮਟੀ ਨੇ ਕਿਹਾ ਕਿ ਬੋਲੀ ਦੀ ਬਾਕਾਇਦਾ ਵੀਡੀਓਗ੍ਰਾਫ਼ੀ ਹੋਈ ਹੈ ਅਤੇ ਸਬੰਧਤ ਵਿਅਕਤੀ ਨੇ ਬੋਲੀ ਲਈ ਸਕਿਉਰਿਟੀ ਭਰੀ ਸੀ ਅਤੇ ਹਾਜ਼ਰ ਵੀ ਸੀ ਪਰ ਬੋਲੀ ਨਹੀਂ ਦਿੱਤੀ ਅਤੇ ਹੁਣ ਬੋਲੀ ਰੱਦ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ। ਉਨ੍ਹਾਂ ਦੱਸਿਆ ਕਿ ਪੰਚਾਇਤੀ ਜ਼ਮੀਨ ਨੂੰ ਰਸਤਾ ਕਢਵਾਏ ਜਾਣ ਲਈ ਪੰਚਾਇਤੀ ਮਤਾ ਮੰਗਿਆ ਹੈ ਅਤੇ ਛੇਤੀ ਨਿਸ਼ਾਨਦੇਹੀ ਕਰਵਾ ਕੇ ਰਸਤਾ ਕਢਵਾਇਆ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਸਬੰਧਤ ਵਿਆਕਤੀ ਮੋਬਾਈਲ ਟਾਵਰ ‘ਤੇ ਹੀ ਡਟੇ ਹੋਏ ਸਨ।