ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 23 ਜੂਨ
ਸ਼ਹਿਰ ਦੀ ਰੁਲੀ-ਖੁਲੀ ਜ਼ਮੀਨ ਮਿਉਂਸਿਪਲ ਕਮੇਟੀ ਸੁਨਾਮ ਦੇ ਦਾਇਰੇ ਵਿੱਚ ਆ ਗਈ ਹੈ। ਇਹ ਦਾਅਵਾ ਅੱਜ ਇੱਥੇ ਰੈਸਟ ਹਾਉਸ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਦੀ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨਦੇਵ ਬਾਜਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਰੀਬ ਡੇਢ ਸਾਲ ਪਹਿਲਾਂ ਪਤਾ ਲੱਗਿਆ ਸੀ ਕਿ ਕਰੀਬ 1300 ਕਨਾਲ ਸਰਕਾਰੀ ਜ਼ਮੀਨ ’ਤੇ ਕੁਝ ਲੋਕਾਂ ਵੱਲੋਂ ਕਬਜ਼ੇ ਕੀਤੇ ਹੋਏ ਹਨ। ਇਸ ਜ਼ਮੀਨ ਬਾਰੇ ਇਹ ਭੰਬਲਭੂਸਾ ਸੀ ਕਿ ਕਿ ਇਹ ਜ਼ਮੀਨ ਮੋਰਾਂਵਾਲੀ ਪੰਚਾਇਤ ਦੀ ਹੈ ਜਾਂ ਸੁਨਾਮ ਮਿਉਂਸਿਪਲ ਕਮੇਟੀ ਦੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਆਸਾਨ ਨਹੀਂ ਸੀ ਪਰ ਉਨ੍ਹਾਂ ਵੱਲੋਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸੀਐੱਮ ਦਫ਼ਤਰ ਤੋਂ ਲੈ ਕੇ ਸਥਾਨਕ ਅਧਿਕਾਰੀਆਂ ਨਾਲ ਰਾਬਤਾ ਬਣਾਈ ਰੱਖਿਆ ਗਿਆ। ਉਨ੍ਹਾਂ ਫਰਦ ਵਿਖਾਉਂਦਿਆਂ ਦਾਅਵਾ ਕੀਤਾ ਕਿ ਮਾਲ ਮਹਿਕਮੇ ਦੇ ਕਾਗਜ਼ਾਂ ਵਿੱਚ ਇਹ ਜ਼ਮੀਨ ਮਿਉਂਸਿਪਲ ਕਮੇਟੀ ਦੀ ਬਣ ਚੁੱਕੀ ਹੈ। ਇਸ ਮੌਕੇ ਮੈਡਮ ਬਾਜਵਾ ਨੇ ਕਿਹਾ ਕਿ ਇਸ ਜ਼ਮੀਨ ’ਤੇ ਜਨਤਕ ਸਹੂਲਤਾਂ ਪ੍ਰਦਾਨ ਕਰਦਿਆਂ ਬੱਚਿਆਂ ਲਈ ਮਲਟੀ ਸਪੈਸ਼ਲਿਟੀ ਹਸਪਤਾਲ, ਪੁਲੀਸ ਸਟੇਸ਼ਨ ਜਾਂ ਫਿਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਆਕਸੀਜਨ ਪਲਾਂਟ ਲਗਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਬਣਾਈ ਜਾ ਰਹੀ ਹੈ।
ਤਰਖਾਣ ਮਾਜਰਾ ਵਿੱਚ ਨਾਜਾਇਜ਼ ਕਬਜ਼ਾ ਛੁਡਵਾਇਆ
ਸਮਾਣਾ (ਸੁਭਾਸ਼ ਚੰਦਰ): ਪਿੰਡ ਤਰਖਾਣ ਮਾਜਰਾ ਦੀ ਪੰਚਾਇਤ ਨੇ ਪੁਲੀਸ ਦੀ ਮਦਦ ਨਾਲ ਪੰਚਾਇਤੀ ਜ਼ਮੀਨ ’ਤੇ ਪਿਛਲੇ ਲੰਮੇ ਸਮੇਂ ਤੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਵਿਧਾਇਕ ਰਜਿੰਦਰ ਸਿੰਘ ਦੇ ਸਹਿਯੋਗ ਨਾਲ ਛੁਡਵਾ ਲਿਆ ਹੈ। ਪਿੰਡ ਦੀ ਸਰਪੰਚ ਰੈਂਪੀ ਕੌਰ ਅਤੇ ਪੰਚਾਇਤ ਮੈਂਬਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਕਰੀਬ 40 ਸਾਲਾਂ ਤੋਂ ਪਿੰਡ ਦੇ ਗੁਰੂ ਘਰ ਦੇ ਸਾਹਮਣੇ ਵਾਲੀ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਸ ਜ਼ਮੀਨ ’ਤੇ ਰੂੜੀਆਂ ਬਣਾ ਲਈਆਂ ਸਨ। ਇਸ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਲਈ ਪੰਚਾਇਤ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀ। ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਵਿਧਾਇਕ ਰਜਿੰਦਰ ਸਿੰਘ ਦੇ ਸਹਿਯੋਗ ਨਾਲ ਪੰਚਾਇਤੀ ਜ਼ਮੀਨ ਦਾ ਨਾਜਾਇਜ਼ ਕਬਜ਼ਾ ਛੁਡਵਾ ਲਿਆ ਗਿਆ ਹੈ। ਪਿੰਡ ਦੀ ਸਰਪੰਚ ਅਤੇ ਪਿੰਡ ਵਾਸੀਆਂ ਨੇ ਵਿਧਾਇਕ ਰਾਜਿੰਦਰ ਸਿੰਘ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।