ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਸਤੰਬਰ
ਸੰਗਰੂਰ ਤਹਿਸੀਲ ਦੇ ਸਮੂਹ ਪਬਲਿਕ ਟਾਈਪਿਸਟਾਂ, ਅਸ਼ਟਾਮ ਫਰੋਸ਼ਾਂ, ਅਰਜ਼ੀ ਨਵੀਸਾਂ, ਨਕਸ਼ਾ ਨਵੀਸਾਂ ਅਤੇ ਸਰਵਿਸ ਪ੍ਰੋਵਾਈਡਰਾਂ ਦੀ ਮੁਕੰਮਲ ਹੜਤਾਲ ਕਾਰਨ ਤਹਿਸੀਲ ਕੰਪਲੈਕਸ ਵਿਚ ਸਮੁੱਚਾ ਕੰਮਕਾਜ ਠੱਪ ਰਿਹਾ ਅਤੇ ਪਬਲਿਕ ਟਾਈਪਿਸਟਾਂ ਦੀਆਂ ਦੁਕਾਨਾਂ ਨੂੰ ਤਾਲੇ ਲਟਕਦੇ ਰਹੇ।
ਤਿੰਨ ਦਿਨਾਂ ਤੋਂ ਤਹਿਸੀਲ ਕੰਪਲੈਕਸ ਵਿਚ ਨਾ ਤਾਂ ਅਸ਼ਟਾਮਾਂ ਦੀ ਵਿਕਰੀ ਹੋਈ ਹੈ ਅਤੇ ਨਾ ਹੀ ਕੋਈ ਰਜਿਸਟਰੀ ਹੋਈ ਹੈ। ਅੱਜ ਤੀਜੇ ਦਿਨ ਵੀ ਹੜਤਾਲਕਾਰੀਆਂ ਵਲੋਂ ਰੋਸ ਧਰਨਾ ਦਿੰਦਿਆਂ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਮੂਹ ਦੁਕਾਨਾਂ ਅੱਗੇ ‘ਸਰਕਾਰ ਖ਼ਿਲਾਫ਼ ਰੋਸ’ ਦੇ ਪੋਸਟਰ ਲੱਗੇ ਹੋਏ ਹਨ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਚੇਅਰਮੈਨ ਜਿਤੇਸ਼ ਕਪਿਲ ਨੀਰੂ, ਪ੍ਰਧਾਨ ਮਨੀ ਕਥੂਰੀਆ ਅਤੇ ਸਕੱਤਰ ਸੌਰਵ ਅਰੋੜਾ ਨੇ ਕਿਹਾ ਕਿ ਤਹਿਸੀਲ ਕੰਪਲੈਕਸ ਵਿੱਚ ਤਿੰਨ ਦਿਨਾਂ ਤੋਂ ਸਮੁੱਚਾ ਕੰਮਕਾਜ ਠੱਪ ਹੈ ਅਤੇ ਦੁਕਾਨਾਂ ਬੰਦ ਕਰਕੇ ਸਮੂਹ ਪਬਲਿਕ ਟਾਈਪਿਸਟ, ਅਰਜ਼ੀ ਨਵੀਸ, ਅਸ਼ਟਾਮ ਫਰੋਸ ਆਦਿ ਰੋਸ ਧਰਨੇ ’ਤੇ ਬੈਠੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਛੋਟੀਆਂ ਛੋਟੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕੰਮ ਕਰਨ ਵਾਲਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਵਲੋਂ ਦਫ਼ਤਰਾਂ ਵਿਚ ਬੁਲਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ। ਆਰ.ਟੀ.ਏ ਦਫ਼ਤਰ ਦਾ ਕੰਮਕਾਜ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਆਰਜ਼ੀ ਚਾਰਜ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ ਅਤੇ ਲੋਕ ਖੱਜਲ ਖੁਆਰ ਹੋ ਕੇ ਨਿਰਾਸ਼ ਵਾਪਸ ਪਰਤ ਰਹੇ ਹਨ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕੋਈ ਸੁਣਵਾਈ ਨਾ ਹੋਈ ਤਾਂ ਭਲਕੇ 22 ਸਤੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਯੂਨੀਅਨ ਆਗੂ ਰੋਹਿਤ ਮਿੱਤਲ, ਅਜੈ ਪਾਲ ਗੋਇਲ ਹੈਪੀ, ਜਗਜੀਤ ਸਿੰਘ ਜੱਗੀ ਐਡਵੋਕੇਟ, ਪਵਨ ਅਰੋੜਾ, ਦਲਵੀਰ ਸਿੰਘ ਨਿੰਮਾ, ਸੋਨੂੰ ਸ਼ਰਮਾ, ਇੰਦਰਜੀਤ ਸਿੰਘ, ਲਵੀਸ ਅਰੋੜਾ ਆਦਿ ਹਾਜ਼ਰ ਸਨ।