ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਜੂਨ
ਸਾਉਣੀ 2020 ਦੌਰਾਨ ਜ਼ਿਲ੍ਹਾ ਸੰਗਰੂਰ ‘ਚ ਤਕਰੀਬਨ 2.66 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਹੋਣ ਦੀ ਸੰਭਾਵਨਾ ਹੈ। ਇਸ ਵਿੱਚੋਂ ਹੁਣ ਤੱਕ ਲਗਭਗ 21,800 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਵੱਲੋਂ ਕੀਤੀ ਗਈ ਹੈ।
ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾਕਟਰ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸਾਉਣੀ 2020 ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ ’ਤੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾ ਕੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ ਹੈ। ਇਸ ਦੀ ਇਸ ਸਮੇਂ ਫ਼ਸਲ ਚੰਗੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਕਨੀਕ ਨਾਲ ਪ੍ਰਤੀ ਵਰਗ ਮੀਟਰ ਵਿੱਚ 30 ਤੋਂ 35 ਬੂਟੇ ਲੱਗਦੇ ਹਨ, ਜਿਸ ਕਰ ਕੇ ਰਵਾਇਤੀ ਢੰਗ ਨਾਲ ਲਗਾਈ ਝੋਨੇ ਦੀ ਫ਼ਸਲ ਨਾਲੋਂ ਪ੍ਰਤੀ ਏਕੜ ਡੇਢ ਤੋਂ ਦੋ ਕੁਵਿੰਟਲ ਝਾੜ ਵੱਧ ਆਉਂਦਾ ਹੈ ਅਤੇ 3000 ਤੋਂ 3500 ਰੁਪਏ ਤੱਕ ਖੇਤੀ ਖ਼ਰਚਾ ਅਤੇ 15 ਤੋਂ 20 ਫ਼ੀਸਦੀ ਪਾਣੀ ਦੀ ਬੱਚਤ ਵੀ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਤੋ ਬਾਅਦ 20 ਤੋ 22 ਦਿਨਾਂ ਦੌਰਾਨ ਬੂਟਾ ਫੁਟਾਰਾ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਤੋਂ ਉਪਰੰਤ ਹਫ਼ਤੇ ਤੱਕ ਬੂਟਾ ਪੂਰਾ ਬੂਝਾ ਮਾਰ ਜਾਂਦਾ ਹੈ, ਉਪਰੰਤ ਬੂਟੇ ਦੀ ਗਰੋਥ ਵਿੱਚ ਵਾਧਾ ਹੁੰਦਾ ਹੈ। ਇੱਕਾ-ਦੁਕਾ ਕਿਸਾਨ ਇਸ ਨੂੰ ਪਹਿਲੀ ਸਟੇਜ ’ਤੇ ਹੀ ਵਾਹੁਣ ਦੀ ਕੋਸਿਸ਼ ਕਰਦੇ ਹਨ। ਉਨ੍ਹਾਂ ਸਲਾਹ ਦਿੱਤੀ ਕਿ ਕੋਈ ਵੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਨਾ ਵਾਹੁਣ ਜੇ ਕਿਸੇ ਕਿਸਮ ਦੀ ਕੋਈ ਤਕਨੀਕੀ ਜਾਣਕਾਰੀ, ਨਦੀਨਾਂ ਦੀ ਰੋਕਥਾਮ ਸਬੰਧੀ, ਛੋਟੇ ਤੱਤਾਂ ਦੀ ਘਾਟ ਜਾਂ ਖਾਦਾਂ ਸਬੰਧੀ ਜਾਣਕਾਰੀ ਲੋੜੀਦੀ ਹੈ ਤਾਂ ਉਸ ਸਬੰਧੀ ਸਬੰਧਤ ਬਲਾਕ ਖੇਤੀਬਾੜੀ ਅਫਸਰ/ਖੇਤੀਬਾੜੀ ਵਿਕਾਸ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ, ਸੰਗਰੂਰ ਜਾਂ ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ, ਡਾ. ਮਨਦੀਪ ਸਿੰਘ ਨਾਲ ਮੋਬਾਈਲ ਨੰਬਰ ’ਤੇ 89685-62868 ਤਾਲਮੇਲ ਕਰ ਕੇ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੇ ਬਾਸਮਤੀ ਦੀ ਬਿਜਾਈ ਕਰਨੀ ਹੈ, ਉਹ ਵਧੀਆ ਕੁਆਲਟੀ ਪੈਦਾ ਕਰਨ ਹਿੱਤ ਸਰਕਾਰ ਵੱਲੋਂ ਬਾਸਮਤੀ ਦੀ ਫ਼ਸਲ ਤੇ ਗ਼ੈਰ-ਸਿਫਾਰਸ਼ਸ਼ੁਦਾ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਦੀ ਵਰਤੋਂ ਨਾ ਕਰਨ।