ਪੱਤਰ ਪ੍ਰੇਰਕ
ਲਹਿਰਾਗਾਗਾ, 12 ਅਗਸਤ
ਇਥੇ ਵਾਰਡ ਪੰਜ ਦੀਆਂ ਨੂੰਹਾਂ ਨੇ ਪੇਕੇ ਦੀ ਬਜਾਏ ਤੀਆਂ ਦਾ ਤਿਉਹਾਰ ਸਹੁਰੇ ਘਰ ਮਨਾ ਕੇ ਨਵੀਂ ਪਿਰਤ ਪਾਈ। ਇਸ ’ਚ ਅਗਰਵਾਲ ਸਭਾ ਪੰਜਾਬ ਦੇ ਮਹਿਲਾ ਪ੍ਰਧਾਨ ਤੇ ਕੌਂਸਲਰ ਕਾਂਤਾ ਗੋਇਲ ਤੇ ਬੀਰਪਾਲ ਕੌਰ ਨੇ ਪਰਿਵਾਰ ਸਣੇ ਸ਼ਿਰਕਤ ਕੀਤੀ। ਇਸ ਮੌਕੇ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਦੀ ਗੱਲ ਕੀਤੀ ਗਈ, ਉਥੇ ਹੀ ਚਾਟੀ, ਮਧਾਣੀ, ਹੱਥ ਪੱਖੀਆਂ, ਫੁਲਕਾਰੀਆਂ ਆਦਿ ਨਾਲ ਸੱਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਚਾਰ ਚੰਨ ਲਾ ਰਹੀ ਸੀ। ਨੂੰਹਾਂ ਨੇ ਆਪਣੇ ਸਹੁਰੇ ਘਰ ਵਿੱਚ ਹੀ ਇਹ ਤਿਉਹਾਰ ਆਪਣੀਆਂ ਦਰਾਣੀਆਂ, ਜਠਾਣੀਆਂ ਅਤੇ ਨਣਦਾਂ ਨਾਲ ਮਿਲ ਕੇ ਮਨਾਉਣ ਦੀ ਨਿਵੇਕਲੀ ਪਹਿਲ ਕੀਤੀ। ਅੱਜ ਦੇ ਪ੍ਰੋਗਰਾਮ ਸਮੇਂ ਮੁਟਿਆਰਾਂ ਪੰਜਾਬੀ ਸੱਭਿਆਚਾਰ ਦੇ ਰੰਗ ਵਿਚ ਰੰਗੀਆਂ ਨਜ਼ਰ ਆ ਰਹੀਆਂ ਸਨ।
ਇਸ ਤਰ੍ਹਾਂ ਨੇੜਲੇ ਪਿੰਡ ਜਲੂਰ ਦੇ ਜੀਜੀਐੱਸ ਇੰਟਰਨੈਸ਼ਨਲ ਸਕੂਲ ਵੱਲੋਂ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਗਿੱਧਾ, ਭੰਗੜਾ, ਡਾਂਸ ਤੇ ਬੋਲੀਆਂ ਪੇਸ਼ ਕਰਕੇ ਵਾਹ-ਵਾਹ ਖੱਟੀ।
ਮਹਿਲਾਂ ਕਾਂਗਰਸ ਨੇ ਤੀਆਂ ਦਾ ਤਿਉਹਾਰ ਮਨਾਇਆ
ਸੰਗਰੂਰ (ਪੱਤਰ ਪ੍ਰੇਰਕ): ਮਹਿਲਾ ਕਾਂਗਰਸ ਸੰਗਰੂਰ ਵੱਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ| ਮਨਦੀਪ ਕੌਰ ਬਲਾਕ ਪ੍ਰਧਾਨ ਮਹਿਲਾ ਕਾਂਗਰਸ ਦੀ ਅਗਵਾਈ ਵਿਚ ਮਨਾਏ ਗਏ, ਇਸ ਤਿਉਹਾਰ ਮੌਕੇ ਹੋਏ ਸਮਾਗਮ ਦੌਰਾਨ ਬਲਜਿੰਦਰ ਕੌਰ ਚਾਹਲ ਪਤਨੀ ਰਾਜਿੰਦਰ ਸਿੰਘ ਰਾਜਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਸੰਗਰੂਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ| ਸਮਾਗਮ ਦੌਰਾਨ ਸਾਰੀਆਂ ਮਹਿਲਾਵਾਂ ਪੰਜਾਬੀ ਪਹਿਰਾਵੇ ਵਿਚ ਨਜ਼ਰ ਆਈਆਂ| ਇਸ ਮੌਕੇ ਸੂਬਾ ਸਕੱਤਰ ਨਰੇਸ਼ ਸ਼ਰਮਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਵਿਰਸੇ ਨਾਲ ਜੁੜਿਆ ਹੋਇਆ ਹੈ, ਜਿਸ ਕਰਕੇ ਇਹ ਸਾਡੇ ਸੱਭਿਆਚਾਰ ਦਾ ਅਨਖਿੜਵਾਂ ਅੰਗ ਹੈ|
ਮੁਟਿਆਰਾਂ ਨੇ ਬੋਲੀਆਂ ਪਾ ਕੇ ਮੋਦੀ ਨੂੰ ਭੰਡਿਆ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਅਦਾਰਾ ਪਰਵਾਜ਼ ਵੱਲੋਂ ਨਹਿਰੂ ਪਾਰਕ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਬੀਬੀਆਂ ਨੇ ਕਿਸਾਨ ਅੰਦੋਲਨ ਨਾਲ ਸਬੰਧਤ ਬੋਲੀਆਂ ਪਾ ਕੇ ਕਿਸਾਨ ਮੋਰਚੇ ਨੂੰ ਪੂਰਾ ਸਮਰਥਨ ਦਿੱਤਾ। ਮੋਦੀ ਸਰਕਾਰ ਦੀ ਵਿਰੋਧਤਾ ਕਰਨ ਦਾ ਇਹ ਸੱਭਿਆਚਾਰਕ ਰੰਗ ਬਹੁਤ ਹੀ ਵਿਲੱਖਣ ਢੰਗ ਨਾਲ ਪੇਸ਼ ਹੋਇਆ। ਰਲੀਆਂ ਹੋਈਆਂ ਬੀਬੀਆਂ ਨੇ ਤਿੰਨ ਕਾਨੂੰਨ ਰੱਦ ਕਰਾਉਣ, ਕਿਸਾਨ ਤੇ ਮਜ਼ਦੂਰਾਂ ਦੇ ਹੱਕ ਅਤੇ ਵੱਧ ਤੋਂ ਵੱਧ ਕਿਸਾਨ ਮੋਰਚੇ ਵਿਚ ਹਿੱਸਾ ਪਾਉਣ ਲਈ ਆਵਾਜ਼ ਬੁਲੰਦ ਕੀਤੀ।