ਨਿੱਜੀ ਪੱਤਰ ਪ੍ਰੇਰਕ
ਧੂਰੀ, 15 ਸਤੰਬਰ
ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਆਰਡੀਨੈਸਾਂ ਨੂੰ ਲੈ ਕੇ ਰੋਸ ਪ੍ਰਗਟ ਕਰਨ ਲਈ ਅੱਜ ਅਨਾਜ ਮੰਡੀ ਧੂਰੀ ਦੇ ਆੜ੍ਹਤੀਆਂ ਨੇ ਆਪਣੇ ਕਾਰੋਬਾਰ ਤੇ ਦੁਕਾਨਾਂ ਬੰਦ ਕਰਕੇ ਭਵਾਨੀਗੜ੍ਹ ਵਿੱਚ ਲੱਗੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਕਿਹਾ ਕਿ ਖੇਤੀ ਆਰਡੀਨੈਂਸ ਬਿੱਲ ਕਿਸਾਨਾਂ ਦੇ ਨਾਲ ਨਾਲ ਆੜ੍ਹਤੀ ਵਰਗ ਦੀ ਆਰਥਿਕ ਤਬਾਹੀ ਵਾਲਾ ਆਰਡੀਨੈਂਸ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਬੰਦ ਹੋਣ ਨਾਲ ਕਿਸਾਨੀ ਤੇ ਸੂਬੇ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਇਹੀ ਕਾਰਨ ਹੈ ਕਿ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਤੇ ਆੜ੍ਹਤੀ ਇੱਕੋ ਪਲੇਟਫਾਰਮ ’ਤੇ ਇੱਕਠੇ ਹੋ ਕੇ ਸੰਘਰਸ਼ ਕਰਨ ਲਈ ਮਜਬੂਰ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਹਲਕਾ ਧੂਰੀ ਦੇ ਕਿਸਾਨ ਵਿੰਗ ਦੇ ਸਰਕਲ ਪ੍ਰਧਾਨ ਅਤੇ ਸਾਬਕਾ ਸਰਪੰਚ ਹਰਦਮ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਲੋਕ ਮਾਰੂ ਕਿਸਾਨ, ਮਜ਼ਦੂਰ ਆਰਡੀਨੈਂਸਾਂ ਦਾ ਸਮੁੱਚੀਆਂ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਦਾ ਡੱਟ ਕੇ ਸਾਥ ਦਿਓ, ਇਸ ਭਾਰਤ ਦੇਸ਼ ਨੂੰ ਅਨਾਜ ਪੱਖੋਂ ਵਿਕਾਸ ਪੱਖੋਂ ਆਤਮ ਨਿਰਭਰ ਬਣਾਉਣ ਵਾਲਾ ਕਿਸਾਨ ਹੀ ਹੈ, ਪਰ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਕਿਸਾਨ ਪੱਖੀ ਨੀਤੀਆਂ ਨਹੀਂ ਬਣਾਈਆਂ। ਅੱਜ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਾ ਹੈ। ਕਿਸਾਨ ਮਾਰੂ ਨੀਤੀਆਂ ਕਾਰਨ ਦੇਸ਼ ਦਾ ਅੰਨਦਾਤਾ ਕਰਜ਼ਈ ਹੈ।