ਬੀਰਬਲ ਰਿਸ਼ੀ
ਸ਼ੇਰਪੁਰ, 20 ਨਵੰਬਰ
ਪਾਵਰਕੌਮ ਨਾਲ ਸਬੰਧਤ ਸਹਾਇਕ ਲਾਈਨਮੈਨ, ਲਾਈਨਮੈਨ, ਜੇਈਜ਼, ਗਰਿੱਡਾਂ ਦੇ ਐੱਸਐੱਸਓ, ਐੱਸਐੱਸਏ ਸਮੇਤ ਹੋਰ ਅਮਲੇ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ 26 ਨਵੰਬਰ ਤੱਕ ਲਈਆਂ ਸਮੂਹਿਕ ਛੁੱਟੀਆਂ ਦਾ ਅਸਰ ਹੁਣ ਆਮ ਲੋਕਾਂ ’ਤੇ ਪੈਣ ਲੱਗਿਆ ਹੈ। ਇਸ ਤਹਿਤ 66 ਕੇਵੀ ਗਰਿੱਡ ਘਨੌਰੀ ਕਲਾਂ, ਕਾਤਰੋਂ, ਕਾਂਝਲਾ, ਰੰਗੀਆਂ ਨਾਲ ਸਬੰਧਤ ਕਈ ਫੀਡਰ ਖਰਾਬ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਦੂਜੇ ਪਾਸੇ ਹੜਤਾਲ ਕਾਰਨ ਖਾਲੀ ਹੋਏ 66 ਕੇਵੀ ਗਰਿੱਡਾਂ ’ਤੇ ਐਕਸੀਅਨ ਮਨੋਜ ਕੁਮਾਰ ਆਪਣੇ ਐੱਸਡੀਓਜ਼ ਦੀ ਟੀਮ ਸਮੇਤ ਆਪਣੀ ਸਮਰੱਥਾ ਅਨੁਸਾਰ ਬਾਰਾਂ-ਬਾਰਾਂ ਘੰਟੇ ਖੁਦ ਪਹਿਰਾ ਦੇ ਕੇ ਕੰਮ-ਕਾਜ ਸੰਭਾਲ ਰਹੇ ਹਨ।
ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਸੁਰਜੀਤ ਸਿੰਘ ਘਨੌਰ ਖੁਰਦ ਅਤੇ ਬਲਵੀਰ ਸਿੰਘ ਨੇ ਦੱਸਿਆ ਕਿ 18 ਨਵੰਬਰ ਤੋਂ ਨਾਨਕਸਰ ਫੀਡਰ ਖ਼ਰਾਬ ਹੈ ਜਿਸ ਸਬੰਧੀ ਵਿਭਾਗ ਕੋਲ ਸਾਰੀ ਸੂਚਨਾ ਹੋਣ ਦੇ ਬਾਵਜੂਦ ਪਾਵਰਕੌਮ ਕੋਲ ਬਦਲਵੇਂ ਪ੍ਰਬੰਧ ਨਹੀਂ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਘਨੌਰੀ ਕਲਾਂ ਗਰਿੱਡ ਨਾਲ ਸਬੰਧਤ ਡਾਹਰ ਫੀਡਰ, ਰੰਗੀਆਂ ਗਰਿੱਡ ਨਾਲ ਸਬੰਧਤ ਕਿਲਾ ਫੀਡਰ, ਕਾਂਝਲਾ ਗਰਿੱਡ ਨਾਲ ਸਬੰਧਤ ਲੱਡਾ ਕੋਠੀ, ਕਾਤਰੋਂ ਗਰਿੱਡ ਨਾਲ ਸਬੰਧ ਕਾਤਰੋਂ ਏਪੀ ਦੇ ਖਰਾਬ ਹੋਣ ਸਬੰਧੀ ਕਿਸਾਨ ਦੁਹਾਈ ਦੇ ਰਹੇ ਹਨ। ਆਗੂਆਂ ਦੱਸਿਆ ਕਿ ਤਿੰਨ ਦਿਨਾਂ ਤੋਂ ਖਰਾਬ ਫੀਡਰ ਕਾਰਨ ਬਰਸੀਮ, ਸਬਜ਼ੀਆਂ ਅਤੇ ਕਮਾਦ ਨੂੰ ਪਾਣੀ ਲਾਉਣ ਅਸਰਮੱਥ ਕਿਸਾਨ ਪਾਵਰਕੌਮ ਅਧਿਕਾਰੀਆਂ ਤੱਕ ਪਹੁੰਚ ਕਰ ਰਹੇ ਹਨ। ਆਗੂਆਂ ਕਿਹਾ ਕਿ ਜੇਕਰ 21 ਨਵੰਬਰ ਸ਼ਾਮ ਤੱਕ ਖਰਾਬ ਫੀਡਰਾਂ ’ਤੇ ਬਦਲਵੇ ਪ੍ਰਬੰਧ ਕਰਦਿਆਂ ਪਾਵਰਕੌਮ ਨੇ ਫੀਡਰ ਨਾ ਚਲਾਏ ਤਾਂ 66 ਕੇਵੀ ਗਰਿੱਡਾਂ ਦੇ ਘਿਰਾਓ ਦੀ ਵਿਉਂਤਬੰਦੀ ਕੀਤੀ ਜਾਵੇਗੀ। ਗੁਰੂ ਘਰਾਂ ਤੋਂ ਐਲਾਨ ਕਰਵਾ ਕੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਆਪਣੀਆਂ ਪਾਣੀ ਵਾਲੀਆਂ ਟੈਂਕੀਆਂ ਭਰ ਲਈਆਂ ਜਾਣ ਕਿਉਂਕਿ ਬਿਜਲੀ ਕਾਮੇ ਹੜਤਾਲ ’ਤੇ ਹਨ ਤੇ ਜੇਕਰ ਬਿਜਲੀ ਗੁੱਲ ਹੋਈ ਤਾਂ ਮੁੜ ਆਉਣ ਦੀ ਸੰਭਾਵਨਾ ਬਹੁਤ ਮੱਧਮ ਹੈ। ਹੁਣ ਲੋਕਾਂ ਨੂੰ ਡਾਰਕਜ਼ੋਨ ‘ਚ ਜਾਣ ਦੇ ਡਰ ਸਤਾ ਰਿਹਾ ਹੈ।
ਐਕਸੀਅਨ ਮਨੋਜ ਕੁਮਾਰ ਨੇ ਦੱਸਿਆ ਕਿ ਬਿਜਲੀ ਕਰਮਚਾਰੀਆਂ ਦੀ ਘਾਟ ਕਾਰਨ ਫੀਡਰਾਂ ਵਿੱਚ ਪਏ ਤਕਨੀਕੀ ਨੁਕਸ ਠੀਕ ਕਰਨ ਸਬੰਧੀ ਕਹਿਣਾ ਹਾਲੇ ਮੁਸ਼ਕਿਲ ਹੈ ਪਰ ਉਹ ਪ੍ਰਾਈਵੇਟ ਤੌਰ ’ਤੇ ਕੰਮ ਕਰਵਾ ਕੇ ਲੋਕ ਸਮੱਸਿਆ ਨੂੰ ਛੇਤੀ ਹੱਲ ਕਰਨ ਲਈ ਯਤਨਸ਼ੀਲ ਹਨ।
ਛੇਵੇਂ ਦਿਨ ਵੀ ਜਾਰੀ ਰਿਹਾ ਬਿਜਲੀ ਮੁਲਾਜ਼ਮਾਂ ਦਾ ਪ੍ਰਦਰਸ਼ਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਨਵੰਬਰ
ਇਕ ਦਰਜਨ ਤੋਂ ਵੱਧ ਜਥੇਬੰਦੀਆਂ ਨਾਲ ਸਬੰਧਤ ਬਿਜਲੀ ਮੁਲਾਜ਼ਮਾਂ ਨੇ ਛੁੱਟੀ ਦੇ ਬਾਵਜੂਦ ਅੱਜ ਛੇਵੇਂ ਵੀ ਪਾਵਰਕੌਮ ਦੇ ਮੁੱਖ ਦਫਤਰ ਦੇ ਗੇਟਾਂ ’ਤੇ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤੇ। ਮੁਲਾਜ਼ਮਾਂ ਦਾ ਇਹ ਸੰਘਰਸ਼ ਪਾਵਰ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕੀਤਾ ਜਾ ਰਿਹਾ ਹੈ। ਇਨ੍ਹਾਂ ਮੁਲਾਜ਼ਮਾਂ ਵੱਲੋਂ ਇਹ ਸੰਘਰਸ਼ 26 ਨਵੰਬਰ ਤੱਕ ਸਮੂਹਿਕ ਛੁੱਟੀ ਲੈ ਕੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ।
ਇਸ ਸੰਘਰਸ਼ ਦੀ ਅਗਵਾਈ ਕਰ ਰਹੀ ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਦੇ ਬੁਲਾਰੇ ਅਨੁਸਾਰ ਇਸ ਧਰਨੇ ਨੂੰ ਕਰਮਚੰਦ ਭਾਰਦਵਾਜ, ਬਲਦੇਵ ਸਿੰਘ ਮੰਢਾਲੀ, ਬਲਵਿੰਦਰ ਸਿੰਘ ਸੰਧੂ, ਪ੍ਰਮੋਦ ਕੌਸ਼ਲ, ਵਿਸ਼ਵ ਨਾਥ, ਨਗੇਂਦਰ ਪਾਲ, ਕੁਲਵੰਤ ਸਿੰਘ, ਧਰਮਿੰਦਰ ਦੂਬੇ, ਅਤਰ ਸਿੰਘ ਅਤੇ ਸਰਬਜੀਤ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੇਜਮੈਂਟ ਤਿੰਨ ਧਿਰੀ ਸਮਝੌਤੇ ਦੀ ਉਲੰਘਣਾ ਕਰਕੇ ਤਨਖਾਹ ਸਕੇਲ ਸੋਧ ਕੇ ਧੱਕੇ ਨਾਲ਼ ਇੱਕ ਤਰਫਾ ਤਨਖਾਹ ਸਕੇਲ ਜਾਰੀ ਕਰ ਰਹੀ ਹੈ ਜਿਸ ਨਾਲ ਮੁਲਾਜ਼ਮਾਂ ਨੂੰ ਲਾਭ ਦੀ ਥਾਂ ਘਾਟਾ ਪਵੇਗ, ਜੋ ਕਰਮਚਾਰੀਆਂ ਨਾਲ ਧੋਖਾ ਅਤੇ ਬੇਇਨਸਾਫੀ ਹੈ। ਉਨ੍ਹਾਂ 16-07-2020 ਤੋਂ ਬਾਅਦ ਨਵ ਨਿਯੁਕਤ ਕਰਮਚਾਰੀਆਂ ’ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦੀ ਸਖਤ ਨਿੰਦਾ ਕੀਤੀ। ਆਗੂੂਆਂ ਨੇ ਹੋਰ ਕਿਹਾ ਕਿ 22 ਨੁਕਾਤੀ ਮੰਗ ਪੱਤਰ ਅਨੁਸਾਰ ਮੰਗਾਂ ਲਾਗੂ ਕਰਨ ਤੋਂ ਮੈਨੇਜਮੈਂਟ ਇਨਕਾਰੀ ਹੈ। ਮੁਲਾਜਮ ਆਗੂਆਂ ਨੇ ਇਹ ਵੀ ਕਿਹਾ ਕਿ ਮੈਨੇਜਮੈਟ ਗਰਿਡ ਸਬ ਸਟੇਸ਼ਨਾਂ ਤੇ ਅਯੋਗ ਕਾਮਿਆਂ ਨੂੰ ਤਾਇਨਾਤ ਕਰ ਰਹੀ ਹੈ ਜਿਸ ਕਾਰਨ ਗਰਿਡ ਸਬ ਸਟੇਸ਼ਨ ਬੰਦ ਹੋ ਰਹੇ ਹਨ ਅਤੇ ਸਪਲਾਈ ਵਿੱਚ ਵਿਘਨ ਪੈ ਰਿਹਾ ਹੈ। ਮੁਲਾਜਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ, ਆਗੂਆਂ ਨੇ 2 ਦਸੰਬਰ ਨੂੰ ਮੋਰਿੰਡਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਸੁਬਾਈ ਧਰਨਾ ਦੇਣ ਦੀ ਗੱਲ ਵੀ ਆਖੀ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਦੇਵੀਗੜ੍ਹ ਅਤੇ ਰੌਹੜ ਜਾਗੀਰ ਦੇ ਮੁਲਾਜ਼ਮਾਂ ਵੱਲੋਂ ਜੁਆਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਕਾਰਪੋਰੇਸ਼ਨ ਮੈਨੇਜਮੈਂਟ ਦੇ ਅੜੀਅਲ ਵਤੀਰੇ ਖ਼ਿਲਾਫ਼ ਅੱਜ ਰੈਲੀ ਕੀਤੀ ਗਈ। ਪਹਿਲੀ ਦਸੰਬਰ 2011 ਤੋਂ ਪੇਅ ਬੈਂਡ ਨਾ ਦਿੱਤੇ ਜਾਣ ਕਾਰਨ ਬਿਜਲੀ ਮੁਲਾਜ਼ਮਾਂ ਵਿੱਚ ਰੋਸ ਹੈ। ਲਿਖਤੀ ਸਮਝੌਤੇ ਕਰਨ ਦੇ ਬਾਵਜੂਦ ਮੈਨੇਜਮੈਂਟ ਮੁਕਰ ਰਹੀ ਹੈ। ਇਸ ਕਾਰਨ ਸਾਰੇ ਮੁਲਾਜ਼ਮ 15 ਨਵੰਬਰ 2021 ਤੋਂ ਲਗਾਤਾਰ ਸਮੂਹਿਕ ਛੁੱਟੀ ’ਤੇ ਹਨ। ਜਦੋਂ ਤੱਕ ਮੈਨੇਜਮੈਂਟ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਵੇਗਾ। ਰੈਲੀ ਨੂੰ ਗੁਰਭਜਨ ਸਿੰਘ ਚੌਹਾਨ ਐਂਪਲਾਈਜ਼ ਫੈਡਰੇਸ਼ਨ (ਸੁਰਿੰਦਰ ਪਹਿਲਵਾਨ), ਜੋਗਿੰਦਰ ਗਿਰ, ਹਰਵਿੰਦਰ ਗੋਸਵਾਮੀ, ਬਲਵਿੰਦਰ ਸਿੰਘ ਸੰਧੂ ਸੂਬਾ ਪ੍ਰਧਾਨ ਏਟਕ, ਜਰਨੈਲ ਸਿੰਘ ਏਟਕ, ਪ੍ਰਮੋਦ ਕੌਸ਼ਲ ਟੀ.ਐਸ.ਯੂ., ਸੁਖਵਿੰਦਰ ਸਿੰਘ ਆਈ.ਟੀ.ਆਈ. ਐਂਪਲਾਈਜ਼ ਯੂਨੀਅਨ, ਰਾਮ ਸਿੰਘ ਸਨੌਰ ਅਤੇ ਕੁਲਵੰਤ ਸਿੰਘ ਨਾਭਾ ਨੇ ਸੰਬੋਧਨ ਕੀਤਾ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਸੰਯੁਕਤ ਬਿਜਲੀ ਮੁਲਾਜ਼ਮ ਮੋਰਚੇ ਦੇ ਆਗੂ ਰਾਮ ਚੰਦਰ ਸਿੰਘ ਖਾਈ ਤੇ ਕਰਮਜੀਤ ਸਿੰਘ ਨੰਗਲਾ ਨੇ ਕਿਹਾ ਕਿ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਪਾਵਰਕੌਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ। ਪਾਵਰਕੌਮ ਮੈਨੇਜਮੈਂਟ ਵੱਲੋਂ ਮੰਗਾਂ ਲਾਗੂ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਮੁੱਕਰਨ ਦੇ ਰੋਸ ਵਜੋਂ ਮੁਲਾਜ਼ਮ ਛੁੱਟੀ ’ਤੇ ਚੱਲ ਰਹੇ ਹਨ। ਉਨ੍ਹਾਂ ਪਾਵਰਕੌਮ ਮੈਨੇਜਮੈਂਟ ਨੂੰ ਤੇਜ਼ ਸੰਘਰਸ਼ ਦੀ ਚਿਤਾਵਨੀ ਦਿੱਤੀ।