ਬੀਰਬਲ ਰਿਸ਼ੀ
ਸ਼ੇਰਪੁਰ, 18 ਅਕਤੂਬਰ
ਇਗਨੂ ਯੂਨੀਵਰਸਿਟੀ ਦਿੱਲੀ ਤੋਂ ਡੀਈਸੀਈ ਕਰ ਰਹੇ ਜ਼ਿਲ੍ਹਾ ਅਧਿਆਪਕਾਂ ਦੀਆਂ ਅਸਾਈਨਮੈਂਟਾਂ ਦੇ ਨੰਬਰ ਦੇਣ ਲਈ ਤੈਅ ਕੀਤੇ ਮਾਪਦੰਡ ਸਮਝ ਤੋਂ ਬਾਹਰ ਹੋਣ ਕਾਰਨ ਇਹ ਪ੍ਰਕਿਰਿਆ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ ਜਿਸ ਸਬੰਧੀ ਯੂਨੀਵਰਸਟੀ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਉਠਣ ਲੱਗੀ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਇੱਕ ਡੇਢ ਦਹਾਕੇ ਤੋਂ ਪੜ੍ਹਾ ਰਹੇ ਸਿੱਖਿਆ ਪ੍ਰੋਵਾਈਡਰ, ਈਜੀਐਸ, ਐੱਸਟੀਆਰ ਆਦਿ ਅਧਿਆਪਕਾਂ ਨੂੰ ਪ੍ਰੀ-ਪ੍ਰਾਇਮਰੀ ਦੀਆਂ ਨਵੀਆਂ ਅਸਾਮੀਆਂ ’ਤੇ ਰੈਗੂਲਰ ਕਰਨ ਦੀ ਤਜਵੀਜ਼ ਤਹਿਤ ਇਗਨੂ ਯੂਨੀਵਰਸਿਟੀ ਦਿੱਲੀ ਤੋਂ ਡੀਈਸੀਈ ਦਾ ਕੋਰਸ ਕਰਵਾ ਰਹੀ ਹੈ। ਇਸ ਲਈ ਹਜ਼ਾਰਾਂ ਅਧਿਆਪਕਾਂ ਦੇ ਲੰਘੀ 14 ਅਕਤੂਬਰ ਨੂੰ ਇਮਤਿਹਾਨ ਸਮਾਪਤ ਹੋਏ ਹਨ। ਜ਼ਿਲ੍ਹੇ ਦੇ ਇੱਕ ਕੈਂਪਸ ਵਿੱਚ ਲਈਆਂ ਗਈਆਂ ਅਸਾਈਨਮੈਂਟਾਂ ਦੇ ਲੱਗ ਕੇ ਆਏ ਨੰਬਰਾਂ ਬਾਰੇ ਇੱਕ ਅਧਿਆਪਕ ਨੇ ਦਾਅਵਾ ਕੀਤਾ ਕਿ ਉਸ ਦੀ ਅਸਾਈਨਮੈਂਟ ਬਿਹਤਰਨ ਹੋਣ ਦੇ ਬਾਵਜੂਦ ਸਾਥੀ ਅਧਿਆਪਕ ਨੂੰ ਉਸ ਤੋਂ ਵੱਧ ਨੰਬਰ ਦਿੱਤੇ ਗਏ। ਅਜਿਹਾ ਹੀ ਦਾਅਵਾ ਇੱਕ ਹੋਰ ਅਧਿਆਪਕ ਨੇ ਕੀਤਾ ਹੈ।