ਧੂਰੀ (ਖੇਤਰੀ ਪ੍ਰਤੀਨਿਧ): ਸੰਗਰੂਰ ਲੋਕ ਸਭਾ ਹਲਕੇ ਤੋਂ ਹੋ ਰਹੀ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਾਂਗਰਸ ਪਾਰਟੀ ਨੇ ਉਸ ਨੂੰ ਟਿਕਟ ਦੇ ਕੇ ਨੌਜਵਾਨਾਂ ਉੱਪਰ ਭਰੋਸਾ ਜਤਾਇਆ ਤੇ ਉਹ ਇਸ ਚੋਣ ਨੂੰ ਜਿੱਤਣ ਲਈ ਸਖਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਦੀ ਟਿਕਟ ਮਿਲਣ ਤੋਂ ਬਾਅਦ ਕਾਂਗਰਸੀ ਵਰਕਰਾਂ ਵਿੱਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਸਰਕਾਰ ਦੇ ਕਾਬੂ ਵਿੱਚ ਨਹੀਂ ਤੇ ਮਾੜੇ ਹਾਲਾਤ ਦਾ ਅਸਰ ਪੰਜਾਬ ਦੇ ਵਪਾਰ ਉੱਪਰ ਵੀ ਪੈਣ ਲੱਗਾ ਹੈ। ਉਨ੍ਹਾਂ ਕਿਹਾ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਬਾਅਦ ਅਪਣੇ ਧੂਰੀ ਹਲਕੇ ਦੇ ਲੋਕਾਂ ਨੂੰ ਬਿਲਕੁਲ ਭੁੱਲ ਗਏ ਹਨ ਤੇ ਉਨ੍ਹਾਂ ਦਾ ਧੂਰੀ ਹਲਕੇ ਦੇ ਲੋਕਾਂ ਦਾ ਧੰਨਵਾਦ ਨਾ ਕਰਕੇ ਹਲਕੇ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਲੋਕ ਸਭਾ ਦੀ ਜ਼ਿਮਨੀ ਚੋਣ ਵਿਕਾਸ ਦੇ ਨਾਂਅ ਹੇਠ ਲੜਨ ਦੇ ਨਾਲ ਨਾਲ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਦਵਾਉਣ ਲਈ ਹਰ ਸੰਭਵ ਉਪਰਾਲਾ ਕਰਨਗੇ। ਇਸ ਮੌਕੇ ਉੱਪਰ ਪ੍ਰੇਮ ਬਾਂਸਲ, ਗੁਰਪਿਆਰ ਸਿੰਘ ਧੂਰਾ, ਰਜਨੀਸ਼ ਧੀਰ, ਮੁਨੀਸ਼ ਕੁਮਾਰ ਗਰਗ, ਰਣਵੀਰ ਸਿੰਘ ਖੱਟੜਾ ਨਾਭਾ, ਹੋਰ ਪਿੰਡਾਂ ਦੇ ਸਰਪੰਚ,ਪੰਚ, ਕੋਸਲਰ ਹਾਜ਼ਰ ਸਨ।