ਪੱਤਰ ਪ੍ਰੇਰਕ
ਸ਼ੇਰਪੁਰ, 31 ਜਨਵਰੀ
ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ 335 ਕਰੋੜ 90 ਲੱਖ ਰੁਪਏ ਵੱਖ-ਵੱਖ ਕਾਰਜਾਂ ’ਤੇ ਕੀਤੇ ਖ਼ਰਚ ਸਬੰਧੀ ਆਪਣਾ ਰਿਪੋਰਟ ਕਾਰਡ ਲੋਕ ਕਚਹਿਰੀ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਅਗਲੇ ਪੰਜ ਸਾਲਾਂ ਲਈ ਧੂਰੀ ਦੇ ਤਿਆਰ ਕੀਤੇ ਜਾ ਰਹੇ ਵੱਖਰੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਇਆ ਜਾਵੇਗਾ। ਉਹ ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ ਦੇ ਪਿਤਾ ਸ਼ਮਸ਼ੇਰ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਕੋ-ਆਪ੍ਰੇਟਿਵ ਸੁਸਾਇਟੀ ਦੇ ਉਪ-ਪ੍ਰਧਾਨ ਪਰਗਟ ਸਿੰਘ ਤੇ ਸਾਥੀਆਂ ਦੀ ਨਰਾਜ਼ਗੀ ਦੂਰ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਤੋਰਿਆ। ਉੱਧਰ ਵਿਧਾਇਕ ਖੰਗੂੜਾ ਦੀ ਪਤਨੀ ਸਿਮਰਤ ਖੰਗੂੜਾ ਨੇ ਪਿੰਡਾਂ ਦੇ ਦੌਰਿਆਂ ਦੌਰਾਨ ਆਪਣੇ ਪਤੀ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੇ ਨਾਂ ’ਤੇ ਲੋਕਾਂ ਦੀ ਵੋਟ ਦਾ ਸਹੀ ਹੱਕਦਾਰ ਦੱਸਿਆ। ਵਿਧਾਇਕ ਖੰਗੂੜਾ ਦੇ ਪਿਤਾ ਬਲਦੇਵ ਸਿੰਘ, ਚੇਅਰਮੈਨ ਚਮਕੌਰ ਸਿੰਘ ਕੁੰਭੜਵਾਲ, ਵਿਧਾਇਕ ਦੇ ਚਾਚਾ ਬਹਾਦਰ ਸਿੰਘ ਸਰਪੰਚ, ਭਰਾ ਹਨੀ ਤੂਰ, ਬਨੀ ਤੂਰ ਹੁਰਾਂ ਨੇ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ।