ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 17 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਇਥੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਖਾਸੇ ਨੂੰ ਬਰਕਰਾਰ ਰੱਖਣ ਤੇ ਪਰਿਵਾਰਵਾਦ ਦੀ ਚੁੰਗਲ ਵਿੱਚੋਂ ਕੱਢਣ ਲਈ ਉਹ ਆਖ਼ਰੀ ਦਮ ਤੱਕ ਲੜਨਗੇ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਸੁਰਜੀਤੀ ਲਈ ਉਨ੍ਹਾਂ ਵੱਲੋਂ ਆਰੰਭੇ ਯਤਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਪਰਿਵਾਰਵਾਦ ਕਾਰਨ ਹੀ ਅਕਾਲੀ ਦਲ ਰਾਜਨੀਤਕ ਤੌਰ ਉੱਤੇ ਹਾਸ਼ੀਏ ’ਤੇ ਪੁੱਜਾ ਹੈ। ਬਾਦਲ ਪਰਿਵਾਰ ਵੱਲੋਂ ਲੰਮੇ ਸਮੇਂ ਤੋਂ ਟਕਸਾਲੀ ਆਗੂਆਂ ਅਤੇ ਕਾਰਕੁਨਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ-ਕਾਜ ਵਿੱਚ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਤਤਪਰ ਹੈ ਉਹ ਇਸ ਮਾਮਲੇ ਵਿੱਚ ਸਰਗਰਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਬਹੁ ਪੱਖੀ ਤੇ ਬਹੁ-ਦਿਸ਼ਾਵੀ ਸਸਮੱਸਿਆਵਾਂ ਦੀ ਗ੍ਰਿਫ਼ਤ ਵਿੱਚ ਹੈ। ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਨੂੰ ਦਰਪੇਸ਼ ਮਸਲਿਆਂ ਨੂੰ ਹੱਲ ਕਰਨ ’ਚ ਫੇਲ੍ਹ ਸਾਬਤ ਹੋਈ ਹੈ। ਸ੍ਰੀ ਢੀਂਡਸਾ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਜਿਣਸਾਂ ਸਬੰਧੀ ਬਣਾਈ ਗਈ ਮੰਡੀਕਰਨ ਦੀ ਨਵੀਂ ਨੀਤੀ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਨੀਤੀ ਕਿਸਸਾਨ ਮਾਰੂ ਹੈ। ਇਸ ਮੌਕੇ ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਸਾਬਕਾ ਚੇਅਰਮੈਨ ਤੇ ਸਾਬਕਾ ਮੈਂਬਰ ਘੱਟ ਗਿਣਤੀ ਕਮਿਸ਼ਨ ਹਾਜੀ ਤੂਫੈਲ ਮੁਹੰਮਦ ਮਲਿਕ, ਦਰਬਾਰਾ ਸਿੰਘ ਚਹਿਲ ਅਤੇ ਜਗਦੀਸ਼ ਸਿੰਘ ਘੁੰਮਣ ਮੌਜੂਦ ਸਨ।