ਰਮੇਸ਼ ਭਾਰਦਵਾਜ
ਲਹਿਰਾਗਾਗਾ, 10 ਮਾਰਚ
ਇਥੇ ਐੱਸਡੀਐੱਮ ਦਫ਼ਤਰ ਅੱਗੇ ਫਰਵਰੀ ਮਹੀਨੇ ’ਚ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਕੀਤੀ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣ ਲਈ ਲਹਿਰਾ ਵਿਕਾਸ ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ ਦੀ ਅਗਵਾਈ ਹੇਠ ਲਗਾਤਾਰ ਸੰਘਰਸ਼ ਜਾਰੀ ਹੈ। ਐਡਵੋਕੇਟ ਗੌਰਵ ਗੋਇਲ ਨੇ ਭੁੱਖ ਹੜਤਾਲ ਦੇ21 ਵੇਂ ਦਿਨ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਚੋਣ ਨਤੀਜਿਆਂ ਦੋਰਾਨ ਵਾਰਡ ਨੰਬਰ ਦੋ ਅਤੇ ਅੱਠ ਵਾਰਡ ਦੇ ਅਸਲ ਜੇਤੂਆਂ ਸੁਰਿੰਦਰ ਕੌਰ ਅਤੇ ਸੁਰਿੰਦਰ ਸਿੰਘ ਜੱਗੀ ਨੂੰ ਐੱਸਡੀਐੱਮ ਕਮ ਰਿਟਰਨਿੰਗ ਜੀਵਨਜੋਤ ਕੌਰ ਨੇ ਹਾਰੇ ਹੋਏ ਘੋਸ਼ਿਤ ਕਰ ਦਿੱਤਾ ਸੀ। ਐਡਵੋਕੇਟ ਗੌਰਵ ਗੋਇਲ ਨੇ ਕਿਹਾ ਕਿ ਮੰਚ ਦੀ ਇੱਕੋ ਇੱਕ ਮੰਗ ਹੈ ਕਿ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ ਉੱਚ ਅਧਿਕਾਰੀਆਂ ਵਿਰੁੱਧ ਪੜਤਾਲ ਕਰਕੇ ਢੁਕਵੀਂ ਕਾਰਵਾਈ ਕੀਤੀ ਜਾਵੇ। ਅਸਲ ਜੇਤੂਆਂ ਨੂੰ ਇਨਸਾਫ਼ ਦਿੱਤਾ ਜਾਵੇ ਤਾਂ ਜੋ ਲੋਕਾਂ ਦਾ ਜਮਹੂਰੀ ਚੋਣ ਪ੍ਰਣਾਲੀ ਵਿੱਚ ਯਕੀਨ ਕਾਇਮ ਰਹਿ ਸਕੇ।
ਇਸ ਮੌਕੇ ਦੀਪਕ ਜੈਨ, ਹਰੀ ਰਾਮ ਭੱਟੀ, ਨੰਦ ਲਾਲ ਨੰਦੂ, ਮਨੀਸ਼ ਗਰਗ, ਸੰਦੀਪ ਸਿੰਘ, ਬਿੱਟੂ ਅਟਵਾਲ, ਸੁਨੀਲ ਕੁਮਾਰ ਬਬਲੀ, ਵੱਖ ਵੱਖ ਵਾਰਡਾਂ ਦੀਆਂ ਔਰਤਾਂ ਨੇ ਸ਼ਮੂਲੀਅਤ ਕੀਤੀ।