ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਵਲੋਂ ਅੱਜ ਇਲਾਕੇ ਦੇ ਕਰੀਬ ਦੋ ਦਰਜਨ ਪਿੰਡਾਂ ਵਿਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਲੋਕਾਂ ਨੂੰ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਯੂਨੀਅਨ ਦਾ ਦਾਅਵਾ ਹੈ ਕਿ ਅੱਜ ਦੇ ਟਰੈਕਟਰ ਮਾਰਚ ਵਿਚ ਸੰਗਰੂਰ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਕਰੀਬ 600 ਟਰੈਕਟਰਾਂ ਸਮੇਤ ਕਿਸਾਨ ਵੱਡੀ ਤਾਦਾਦ ’ਚ ਸ਼ਾਮਲ ਹੋਏ ਅਤੇ ਖੇਤੀ ਕਾਨੂੰਨਾਂ ਖ਼ਿਲਾਫ ਅਤੇ ਕਿਸਾਨ ਸੰਘਰਸ਼ ਦੇ ਹੱਕ ਵਿਚ ਲੋਕਾਂ ਨੂੰ ਲਾਮਬੰਦ ਕਰਦਿਆਂ 26 ਜਨਵਰੀ ਦੀ ਟਰੈਕਟਰ ਪਰੇਡ ਦਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਟਰੈਕਟਰ ਮਾਰਚ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਦੱਸਿਆ ਕਿ ਦੇਸ਼ ਭਰ ਦੇ ਕਿਸਾਨ ਟਰੈਕਟਰਾਂ ਸਮੇਤ ਦਿੱਲੀ ਪੁੱਜ ਰਹੇ ਹਨ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਟਰੈਕਟਰਾਂ ਨੂੰ ਲੈ ਕੇ ਇੱਕ ਮਸ਼ਕ ਕੀਤੀ ਗਈ।ਇਸ ਮੌਕੇ ਯੂਨੀਅਨ ਦੀ ਬਲਾਕ ਮਾਲੇਰਕੋਟਲਾ ਇਕਾਈ ਦੇ ਖ਼ਜ਼ਾਨਚੀ ਕੁਲਵਿੰਦਰ ਸਿੰਘ ਭੂਦਨ ਨੇ ਕਿਹਾ ਕਿ ਭਾਵੇਂ ਸਰਕਾਰ ਅੰਦੋਲਨ ਨੂੰ ਬਦਨਾਮ ਅਤੇ ਅਸਫਲ ਬਣਾਉਣ ਲਈ ਨਿੱਤ ਨਵੇਂ ਹੱਥਕੰਡੇ ਵਰਤ ਰਹੀ ਹੈ ਪਰ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿੱਪ ਸਰਕਾਰ ਦੀਆਂ ਚਾਲਾਂ ਨੂੰ ਨਾਕਾਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਦੀ ਲੀਡਰਸ਼ਿਪ ਅਤੇ ਦਿੱਲੀ ਘੇਰੀਂ ਬੈਠੇ ਕਿਸਾਨ ਤਿੰਨੋ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਦਿੱਲੀਓਂ ਵਾਪਸ ਮੁੜਨਗੇ। ਉਨ੍ਹਾਂ ਦੱਸਿਆ ਕਿ ਅੱਜ ਦੀ ਟਰੈਕਟਰ ਮਸ਼ਕ ‘ਚ ਕਰੀਬ ਪੰਜ ਸੌ ਟਰੈਕਟਰ ਸ਼ਾਮਲ ਹਨ ਤੇ 24 ਜਨਵਰੀ ਨੂੰ ਕਰੀਬ ਇਕ ਹਜ਼ਾਰ ਟਰੈਕਟਰ ਦਿੱਲੀ ਨੂੰ ਕੂਚ ਹੋਵੇਗਾ।ਇਸ ਮੌਕੇ ਚਮਕੌਰ ਸਿੰਘ ਹਥਨ, ਨਿਰਮਲ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਹਥਨ, ਰਸ਼ਪਾਲ ਸਿੰਘ ਰੂੜਗੜ੍ਹ, ਪ੍ਰੋ. ਪ੍ਰਮਜੀਤ ਸਿੰਘ ਮਦੇਵੀ ਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ) ਹਲਕਾ ਸਨੌਰ ਦੇ ਵੱਖ ਵੱਖ ਪਿੰਡਾਂ ਵਿੱਚ ਟਰੈਕਟਰ ਰਿਹਰਸਲ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਵੱਖ-ਵੱਖ ਪਿੰਡਾਂ ਤੋਂ 150 ਦੇ ਕਰੀਬ ਟਰੈਕਟਰਾਂ ਤੇ ਕਿਸਾਨ ਯੂਨੀਅਨ ਅਤੇ ਕੇਸਰੀ ਤੇ ਤਿਰੰਗੇ ਝੰਡੇ ਲਗਾਏ ਹੋਏ ਸਨ।
ਚੀਮਾ ਮੰਡੀ (ਜਸਵੰਤ ਸਿੰਘ ਗਰੇਵਾਲ): ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਸਿੱਧੂਪੁਰ ਦੀ ਅਗਵਾਈ ਹੇਠ ਟਰੈਕਟਰ ਤੇ ਗੱਡੀਆਂ ਦੇ ਕਾਫਲੇ ਨਾਲ ਪਿੰਡ ਤੋਲਾਵਾਲ,ਧਰਮਗੜ੍ਹ,ਸਤੌਜ,ਬੀਰ ਕਲਾਂ,ਚੀਮਾ ਤੇ ਇਲਾਕੇ ਦੇ ਹੋਰ ਪਿੰਡਾਂ ਵਿੱਚ ਰੈਲੀ ਕੱਢੀ ਗਈ।ਇਸ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਸਖਤ ਨਾਅਰੇਬਾਜ਼ੀ ਕੀਤੀ।ਇਸ ਮੌਕੇ ਕਿਸਾਨ ਆਗੂ ਅਜਾਇਬ ਸਿੰਘ,ਨਿਰਮਲ ਸਿੰਘ ਸਾਬਕਾ ਸਰਪੰਚ,ਅਮਰੀਕ ਸਿੰਘ,ਹਰੀ ਸਿੰਘ,ਗੁਰਪਾਲ ਸਿੰਘ ਪਾਲੀ,ਮਨਧੀਰ ਸਿੰਘ ਗਰੇਵਾਲ ਨੇ ਸੰਬੋਧਨ ਕੀਤਾ।
ਧੂਰੀ (ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਟਰੈਕਟਰ ਪਰੇਡ ਦੀ ਤਿਆਰੀ ਲਈ ਜ਼ਿਲ੍ਹਾ ਵਿੱਤ ਸੰਗਠਨ ਸਕੱਤਰ ਹਰਪਾਲ ਸਿੰਘ ਪੇਧਨੀ ਕਲਾਂ ਦੀ ਅਗਵਾਈ ਹੇਠ ਸਥਾਨਕ ਨਵੀਂ ਅਨਾਜ ਮੰਡੀ ਤੋਂ ਟਰੈਕਟਰ ਮਾਰਚ ਕੀਤਾ ਗਿਆ। ਇਸ ਮੌਕੇ ਆੜਤੀਆ ਐਸੋਸੀਏਸ਼ਨ ਵੱਲੋਂ ਪ੍ਰਧਾਨ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਕਿਸਾਨਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਸਥਾਨਕ ਨਵੀਂ ਅਨਾਜ ਮੰਡੀ ਤੋਂ ਸੈਂਕੜਿਆਂ ਦੀ ਤਾਦਾਦ ਵਿੱਚ ਟਰੈਕਟਰ ਇਕੱਠੇ ਹੋਏ ਅਤੇ ਟਰੈਕਟਰਾਂ ਉਪਰ ਕਿਸਾਨੀ ਝੰਡੇ ਲਹਿਰਾਉੇਂਦੇ ਹੋਏ ਕਿਸਾਨਾਂ ਨੇ ਧੂਰੀ ਤੋਂ ਕੱਕੜਵਾਲ, ਬੁਗਰਾ, ਮੂਲੋਵਾਲ, ਧੰਦੀਵਾਲ, ਕਿਲਾ ਹਕੀਮਾਂ, ਕਾਂਝਲਾ, ਲੱਡਾ ਵੱਲ ਬਲਾਕ ਦੇ ਤਕਰੀਬਨ 40 ਪਿੰਡਾਂ ਵਿੱਚ ਇਹ ਮਾਰਚ ਕੀਤਾ। ਇਸ ਮੌਕੇ ਕਿਰਪਾਲ ਸਿੰਘ ਧੂਰੀ, ਦਰਸ਼ਨ ਸਿੰਘ ਕਿਲਾ, ਰਾਮ ਸਿੰਘ ਕੱਕੜਵਾਲ, ਮਹਿੰਦਰ ਸਿੰਘ ਭਸੌੜ, ਜਸਪਾਲ ਸਿੰਘ ਪੇਧਨੀ, ਗੁਰੀ ਮਾਨ, ਬਲਵਿੰਦਰ ਸਿੰਘ ਪੇਧਨੀ ਕਲਾਂ, ਹਮੀਰ ਸਿੰਘ ਬੇਨੜਾ ਆਦਿ ਨੇ ਵੀ ਸਮੂਲੀਅਤ ਕੀਤੀ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਦਿੱਲੀ ਵਿੱਚ ਟਰੈਕਟਰ ਪ੍ਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਲਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪਿੰਡ ਖੇਤਲਾ ਨੇੜਲੇ ਰਿਲਾਇੰਸ ਦੇ ਡੰਪ ਤੋਂ ਬਲਾਕ ਦਿੜ੍ਹਬਾ ਦੇ 50 ਤੋਂ ਵੱਧ ਪਿੰਡਾਂ ਵਿੱਚੋਂ ਦੀ ਟਰੈਕਟਰ ਪਰੇਡ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ’ਚ ਕਿਸਾਨ, ਨੌਜਵਾਨ ਸੈਂਕੜੇ ਟਰੈਕਟਰਾਂ ਸਮੇਤ ਹਾਜ਼ਰ ਸਨ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਆਗੂ ਬਲਵੀਰ ਸਿੰਘ ਕੌਹਰੀਆਂ, ਬਲਦੇਵ ਸਿੰਘ ਉਭਿਆ, ਸਾਬਕਾ ਸਰਪੰਚ ਰਾਮ ਸਿੰਘ ਕਾਕੂਵਾਲਾ ਅਤੇ ਜਥੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਟਰੈਕਟਰ ਰੈਲੀ ਵਿੱਚ 300 ਤੋਂ ਵੱਧ ਇਹ ਟਰੈਕਟਰ ਸ਼ਾਮਲ ਹੋਏ।ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਰਚੇ ਵੰਡੇ ਗਏ।
ਘਨੌਰ (ਗੁਰਪ੍ਰੀਤ ਸਿੰੰਘ): ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਕੀਤੀ ਜਾ ਰਹੀ ਟਰੈਕਟਰ ਪਰੇਡ ਦੀ ਰੀਹਰਸਲ ਵਜੋਂ ਕਿਸਾਨ ਆਗੂਆਂ ਮਾਨ ਸਿੰਘ ਰਾਜਪੁਰਾ, ਹਰਜੀਤ ਸਿੰਘ ਟਹਿਲਪੁਰਾ, ਉਜਾਗਰ ਸਿੰਘ, ਦਲਜੀਤ ਸਿੰਘ, ਜਵਾਹਰ ਲਾਲ ਅਤੇ ਹੋਰਨਾਂ ਦੀ ਅਗਵਾਈ ਵਿੱਚ ਸੈਂਕੜੇ ਟਰੈਕਟਰਾਂ ਨਾਲ ਸ਼ੰਭੂ ਬੈਰੀਅਰ ਤੋਂ ਹਲਕਾ ਘਨੌਰ ਦੇ ਦੋ ਦਰਜਨ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਲਾਏ ਦਿੱਲੀ ਮੋਰਚੇ ਦੌਰਾਨ ਅੱਜ ਵੱਲੋਂ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਦੇ 20 ਪਿੰਡਾਂ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਪਿੰਡ ਘਰਾਚੋਂ ਤੋਂ ਸ਼ੁਰੂ ਕੀਤੇ ਇਸ ਮਾਰਚ ਵਿੱਚ 500 ਟਰੈਕਟਰ ਸ਼ਾਮਲ ਸਨ। ਇਸ ਮੌਕੇ ਯੂਨੀਅਨ ਦੇ ਜਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੋਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ 26 ਜਨਵਰੀ ਦੇ ਮਾਰਚ ਦੀ ਰਿਹਰਸਲ ਵੱਜੋਂ ਇਹ ਮਾਰਚ ਕੀਤੇ ਜਾ ਰਹੇ ਹਨ।
ਸੰਦੌੜ (ਮੁਕੰਦ ਸਿੰਘ ਚੀਮਾ): ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਅਹਿਮਦਗੜ੍ਹ ਵੱਲੋਂ ਕੱਢੇ ਗਏ ਇਸ ਟਰੈਕਟਰ ਮਾਰਚ ਵਿਚ ਸੈਂਕੜਿਆਂ ਦੀ ਤਦਾਦ ਵਿਚ ਟਰੈਕਟਰ ਮੌਜੂਦ ਸੀ।ਬੱਚੇ ਤੋਂ ਲੈ ਕੇ ਨੌਜਵਾਨ, ਬਜ਼ੁਰਗਾਂ ਨੇ ਜੋਸ਼ ਦੇ ਨਾਲ ਟਰੈਕਟਰ ਮਾਰਚ ਵਿਚ ਹਿੱਸਾ ਲਿਆ।ਬਲਾਕ ਪ੍ਰਧਾਨ ਸ਼ੇਰ ਸਿੰਘ ਮਹੋਲੀ ਨੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਕਿਸਾਨਾਂ ਵੱਲੋਂ ਆਪ ਮੁਹਾਰੇ ਦਿੱਲੀ ਜਾਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।