ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਅਪਰੈਲ
ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਵਲੋਂ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਲਈ ਦੂਜੇ ਦਿਨ ਵੀ ਡਿਪਟੀ ਕਮਿਸ਼ਨਰ ਦਫ਼ਤਰ ’ਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਰੋਸ ਮਾਰਚ ਕਰਦਿਆਂ ਸੈਂਕੜੇ ਭੱਠਾ ਮਜ਼ਦੂਰਾਂ ਵਲੋਂ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਮੁੱਖ ਚੌਂਕ ਵਿਚ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਕਾਮਰੇਡ ਤਰਸੇਮ ਜੋਧਾਂ ਨੇ ਦੋਸ਼ ਲਾਇਆ ਕਿ ਕਿਰਤ ਵਿਭਾਗ ਦੇ ਅਧਿਕਾਰੀਆਂ ਅਤੇ ਕੁਝ ਭੱਠੇ ਵਾਲਿਆਂ ਦੇ ਅਖੌਤੀ ਦਲਾਲਾਂ ਵਿਚਕਾਰ ਬੀਤੀ 17 ਮਾਰਚ ਨੂੰ ਇੱਕ ਕਥਿਤ ਗੈਰਕਾਨੂੰਨੀ ਸਮਝੌਤਾ ਹੋਇਆ ਜਿਸ ਖ਼ਿਲਾਫ਼ ਬਰਨਾਲਾ, ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਭੱਠਾ ਮਜ਼ਦੂਰਾਂ ਵਲੋਂ ਭੱਠਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਮੋਰਚਾ ਖੋਲ੍ਹ ਦਿੱਤਾ ਹੈ ਜੋ ਕਿ ਅੱਜ ਦੂਜੇ ਦਿਨ ਵਿਚ ਸ਼ਾਮਲ ਹੋ ਗਿਆ ਹੈ। ਸ੍ਰੀ ਜੋਧਾਂ ਨੇ ਦੱਸਿਆ ਕਿ ਭੱਠੇ ਵਾਲਿਆਂ ਦੇ ਅਖੌਤੀ ਦਲਾਲਾਂ ਨੇ ਜੋ ਰੇਟ ਲਿਸਟਾਂ ਪਥੇਰਾਂ ਵਿਚ ਵੰਡੀਆਂ ਗਈਆਂ ਹਨ ਉਨ੍ਹਾਂ ਵਿਚ ਦਰਜ ਹੈ ਕਿ ਇਹ ਸਮਝੌਤਾ 1-9-2021 ਤੋਂ 31-8-2022 ਤੱਕ ਦੀਆਂ ਉਜਰਤਾਂ ’ਤੇ ਹੋਇਆ ਹੈ ਜਦੋਂ ਕਿ 2021 ਦੀਆਂ ਮਾਰਚ ਅਤੇ ਸਤੰਬਰ ਦੀਆਂ ਘੱਟੋ ਘੱਟ ਉਜਰਤਾਂ ਅਜੇ ਪੰਜਾਬ ਸਰਕਾਰ ਨੇ ਜਾਰੀ ਹੀ ਨਹੀਂ ਕੀਤੀਆਂ। ਭੱਠੇ ਵਾਲਿਆਂ, ਕਿਰਤ ਵਿਭਾਗ ਅਤੇ ਅਖੌਤੀ ਮਜ਼ਦੂਰ ਆਗੂਆਂ ਦੀ ਕਥਿਤ ਮਿਲੀਭੁਗਤ ਨੇ ਪੰਜਾਬ ਦੇ ਹਜ਼ਾਰਾਂ ਮਿਹਨਤਕਸ਼, ਕਿਰਤੀ ਲੋਕਾਂ ਨਾਲ ਧੋਖਾ ਕੀਤਾ ਹੈ। ਇਸ ਗੈਰਕਾਨੂੰਨੀ ਸਮਝੌਤੇ ਵਿਚ ਸ਼ਾਮਲ ਕਿਰਤ ਅਧਿਕਾਰੀਆਂ ਤੇ ਸ਼ਾਮਲ ਅਨਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੈਰਕਾਨੂੰਨੀ ਸਮਝੌਤੇ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕਿਰਤੀ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ। ਰੋਸ ਧਰਨੇ ਨੂੰ ਕਾਮਰੇਡ ਰਣਜੀਤ ਸਾਇਆਂ, ਚਰਨਜੀਤ ਸਿੰਘ ਹਿਮਾਂਯੂਪੁਰ, ਸੱਤਪਾਲ ਸਿੰਘ ਬੈਹਿਣੀਵਾਲ, ਸੰਦੀਪ ਸਿੰਘ ਬੜੀ, ਗੁਰਜੰਟ ਸਿੰਘ ਠੀਕਰੀਵਾਲਾ, ਅਮਰਜੀਤ ਸਿੰਘ ਲੁਧਿਆਣਾ ਨੇ ਵੀ ਸੰਬੋਧਨ ਕੀਤਾ।