ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਜੂਨ
ਕੋਵਿਡ-19 ਖ਼ਿਲਾਫ਼ ਸ਼ੁਰੂ ਤੋਂ ਹੀ ਫਰੰਟ ਲਾਈਨ ’ਤੇ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਦੇ ਸਨਮਾਨ ਵਿਚ ਮਿਨੀ ਪੀਐੱਚਸੀ ਉਭਾਵਾਲ ਵਿਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਿਹਤ ਸੁਪਰਵਾਈਜ਼ਰ ਰਾਜਿੰਦਰ ਕੁਮਾਰ ਬਾਂਸਲ, ਐੱਲਐਚਵੀ ਨਿਰਮਲ ਸੈਣੀ ਅਤੇ ਫਾਰਮੇਸੀ ਅਫ਼ਸਰ ਸੰਜੇ ਸਿੰਗਲਾ ਦੀ ਨਿਗਰਾਨੀ ਹੇਠ ਕਰੋਨਾ ਯੋਧਿਆਂ ਨੂੰ ਸਰਟੀਫਿਕੇਟ ਪ੍ਰਦਾਨ ਕਰ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ।
ਇਸ ਮੌਕੇ ਸਿਹਤ ਸੁਪਰਵਾਈਜ਼ਰ ਰਾਜਿੰਦਰ ਕੁਮਾਰ ਬਾਂਸਲ ਨੇ ਦੱਸਿਆ ਕਿ ਉਭਾਵਾਲ ਸੈੱਕਟਰ ਅਧੀਨ ਅੱਠ ਪਿੰਡ ਪੈਂਦੇ ਹਨ। ਕੋਵਿਡ-19 ਦੇ ਭਾਰਤ ਵਿਚ ਆਉਣ ਤੋਂ ਬਾਅਦ ਇਨ੍ਹਾਂ ਕਰਮਚਾਰੀਆਂ ਵਲੋਂ ਬਾਹਰ ਤੋਂ ਆਏ ਵਿਅਕਤੀਆਂ ਨੂੰ ਇਕਾਂਤਵਾਸ ਕਰਨ, ਇਕਾਂਤਵਾਸ ਦੌਰਾਨ ਸਿਹਤ ਸਟੇਟਸ ਚੈੱਕ ਕਰਨ, ਨਿਯਮਾਂ ਦੀ ਪਾਲਣਾ ਦਾ ਕੰਮ, ਸ਼ਿਕਾਇਤਾਂ ਦਾ ਨਿਪਟਾਰਾ ਕਰਨ, ਵਿਅਕਤੀਆਂ ਦੀ ਸੈਂਪਲਿੰਗ ਕਰਾਉਣ ਆਦਿ ਸੇਵਾਵਾਂ ਨੂੰ ਸ਼ੁਰੂ ਤੋਂ ਹੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਿਭਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਵਾਰ-ਵਾਰ ਹੱਥ ਧੋਣਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਸਾਵਧਾਨੀ ਵਰਤਣ ਅਤੇ ਘਰਾਂ ’ਚ ਰਹਿਣ ਦੀ ਅਪੀਲ ਕੀਤੀ।